ਪਾਕਿਸਤਾਨ ’ਚ ਅਗਵਾ ਸਿੱਖ ਲਡ਼ਕੀ ਲਈ ਬਾਦਲਾਂ ਵਲੋਂ ਇਨਸਾਫ ਮੰਗਣਾ ਹਾਸੋਹੀਣਾ : ਖਹਿਰਾ

09/02/2019 11:41:14 AM

ਚੰਡੀਗਡ਼੍ਹ (ਰਮਨਜੀਤ) : ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਪਾਕਿਸਤਾਨ ਦੀ ਨਬਾਲਿਗ ਸਿੱਖ ਲਡ਼ਕੀ ਦੀ ਜਬਰਦਸਤੀ ਧਰਮ ਤਬਦੀਲੀ ਅਤੇ ਵਿਆਹ ਕੀਤੇ ਜਾਣ ’ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੀ ਸਖ਼ਤ ਨਿੰਦਾ ਕੀਤੀ। ਖਹਿਰਾ ਨੇ ਕਿਹਾ ਕਿ ਚਾਹੇ ਉਹ ਪਾਕਿਸਤਾਨ ਦੇ ਸਿੱਖ ਪਰਿਵਾਰ ਨਾਲ ਇਹ ਗੰਭੀਰ ਅਪਰਾਧ ਕਰਨ ਵਾਲਿਆਂ ਦੇ ਕਦਮ ਦੀ ਖੁਦ ਵੀ ਨਿੰਦਾ ਕਰਦੇ ਹਨ ਅਤੇ ਤੁਰੰਤ ਇਨਸਾਫ ਦੀ ਮੰਗ ਕਰਦੇ ਹਨ, ਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਘੱਟ ਗਿਣਤੀਆਂ ’ਤੇ ਜ਼ੁਲਮ ਅਤੇ ਬੇਇਨਸਾਫੀ ਜਿਹੇ ਸ਼ਬਦ ਜਦੋਂ ਬਾਦਲਾਂ ਜਿਹੇ ਰਜਵਾਡ਼ਾਸ਼ਾਹੀ ਲੋਕ ਇਸਤੇਮਾਲ ਕਰਦੇ ਹੈ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜੁਲਮ ਕਰਨ ਵਾਲਾ (ਹਿਟਲਰ) ਹੀ ਜੁਲਮ ਦੇ ਸ਼ਿਕਾਰ ਲੋਕਾਂ (ਯਹੂਦੀਆਂ) ਲਈ ਇਨਸਾਫ ਮੰਗ ਰਿਹਾ ਹੋਵੇ।
ਖਹਿਰਾ ਨੇ ਕਿਹਾ ਕਿ ਬੇਇਨਸਾਫੀ ਅਤੇ ਘੱਟ ਗਿਣਤੀਆਂ ’ਤੇ ਹੋ ਰਹੀ ਜ਼ਿਆਦਤੀਆਂ ਜਿਵੇਂ ਮੁੱਦਿਆਂ ’ਤੇ ਬੋਲਣ ਦਾ ਨੈਤਿਕ ਅਧਿਕਾਰ ਬਾਦਲ ਪੂਰੀ ਤਰ੍ਹਾਂ ਗਵਾ ਚੁੱਕੇ ਹਨ, ਜਦੋਂ ਉਨ੍ਹਾਂ ਸਰਕਾਰ ’ਚ ਹੁੰਦੇ ਹੋਏ ਹਾਲ ਹੀ ’ਚ ਜੰਮੂ-ਕਸ਼ਮੀਰ ਤੋਂ ਧਾਰਾ 370 ਖਤਮ ਕੀਤੇ ਜਾਣ ਦੀ ਹਿਮਾਇਤ ਕੀਤੀ ਸੀ, ਜਿਸ ਨਾਲ ਮੁਸਲਮਾਨਾਂ ਵਿਸ਼ੇਸ਼ ਤੌਰ ’ਤੇ ਕਸ਼ਮੀਰੀਆਂ ਦੀ ਮਾਨਸਕਿਤਾ ਨੂੰ ਭਾਰੀ ਠੇਸ ਪਹੁੰਚੀ ਹੈ। ਖਹਿਰਾ ਨੇ ਕਿਹਾ ਕਿ ਸੰਸਦ ’ਚ ਅਜਿਹੇ ਤਾਨਾਸ਼ਾਹੀ ਕਨੂੰਨ ਦੀ ਹਿਮਾਇਤ ਕਰਕੇ ਸੁਖਬੀਰ ਅਤੇ ਹਰਸਿਮਰਤ ਬਾਦਲ ਦੋਵੇਂ ਭਾਜਪਾ ਦੇ ਫਿਰਕਾਪ੍ਰਸਤ ਏਜੰਡੇ ਦਾ ਹਿੱਸਾ ਬਣ ਗਏ ਹਨ, ਜੋ ਕਿ ਭਾਰਤ ਨੂੰ ਹਿੰਦੁ ਰਾਸ਼ਟਰ ਬਣਾਉਣਾ ਚਾਹੁੰਦੇ ਹਨ, ਜਿਸ ’ਚ ਘੱਟ ਗਿਣਤੀਆਂ ਲਈ ਕੋਈ ਸਥਾਨ ਨਹੀਂ ਹੈ।
ਬਾਦਲ ਜੋਡ਼ੇ ’ਤੇ ਵਰ੍ਹਦਿਆਂ ਖਹਿਰਾ ਨੇ ਕਿਹਾ ਕਿ ਪਾਕਿਸਤਾਨ ਦੀ ਘਟਨਾ ਨਿੰਦਣਯੋਗ ਹੈ ਪਰ ਕੇਂਦਰ ਸਰਕਾਰ ’ਚ ਕੈਬਨਿਟ ਮੰਤਰੀ ਹੁੰਦੇ ਹੋਏ ਹਰਸਿਮਰਤ ਬਾਦਲ ਦੇਸ਼ ਭਰ ’ਚ ਭੀਡ਼ ਵਲੋਂ ਲੋਕਾਂ ਨੂੰ ਮਾਰੇ ਜਾਣ, ਗਾਂ ਰੱਖਿਅਕਾਂ ਵਲੋਂ ਕੀਤੇ ਕਤਲਾਂ, ਸੰਪ੍ਰਦਾਇਕ ਦੰਗਿਆਂ ਆਦਿ ’ਤੇ ਚੁਪ ਕਿਉਂ ਹੈ? ਭਾਜਪਾ ਦੇ ਸਾਬਕਾ ਮੰਤਰੀ ਸਵਾਮੀ ਚਿੰਨਮਯਾਨੰਦ ਵਲੋਂ ਉਤਰ ਪ੍ਰਦੇਸ਼ ਦੀ ਨੌਜਵਾਨ ਵਿਦਿਆਰਥਣ ਨੂੰ ਜਬਰਦਸਤੀ ਅਗਵਾ ਕਰਨ ਅਤੇ ਸਰੀਰਕ ਛੇਡ਼ਛਾਡ਼ ਕਰਨ ’ਤੇ ਉਹ ਚੁਪ ਕਿਉਂ ਹਨ, ਜੋ ਮਾਮਲਾ ਹੁਣ ਸੁਪਰੀਮ ਕੋਰਟ ਦੀ ਨਜ਼ਰ ’ਚ ਹੈ।

Babita

This news is Content Editor Babita