ਭਵਿੱਖ ''ਚ ਰਾਜਸਥਾਨ ਵਾਂਗ ਬੰਜਰ ਹੋ ਜਾਵੇਗੀ ''ਪੰਜਾਬ ਦੀ ਧਰਤੀ'' : ਖਹਿਰਾ

02/23/2019 2:43:53 PM

ਚੰਡੀਗੜ੍ਹ : 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਉਸ ਬਿਆਨ ਦੀ ਆਲੋਚਨਾ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਪਾਕਿਸਤਾਨ ਵਲੋਂ ਰੋਕ ਕੇ ਦਿੱਲੀ ਦੀ ਯਮੁਨਾ ਨਹਿਰ 'ਚ ਪਾਉਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੀ ਪੁਲਵਾਮਾ ਹਮਲੇ ਦੇ ਕਾਰਨ ਨਿਤਿਨ ਗਡਕਰੀ ਨੇ ਪਾਕਿਸਤਾਨ ਵੱਲ ਜਾਂਦਾ ਪਾਣੀ ਬੰਦ ਬਾਰੇ ਕਿਹਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਪਾਣੀ ਨੂੰ ਯਮੁਨਾ ਨਹਿਰ 'ਚ ਪਾਉਣ ਦੀ ਗੱਲ ਕਰਕੇ ਪੰਜਾਬ ਦਾ ਅਧਿਕਾਰ ਖੋਹਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਇੰਝ ਹੀ ਦੂਜੇ ਸੂਬਿਆਂ ਨੂੰ ਜਾਂਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੀ ਧਰਤੀ ਵੀ ਰਾਜਸਥਾਨ ਵਾਂਗ ਬੰਜਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਪੰਜਾਬ ਖਿਲਾਫ ਡੂੰਘੀ ਸਾਜਿਸ਼ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਗਡਕਰੀ ਦੇ ਬਿਆਨ ਦਾ ਬਾਦਲ ਜਾਂ ਫਿਰ ਕੈਪਟਨ ਪਰਿਵਾਰ ਵਲੋਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਗਿਆ। 
ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਦੂਜੇ ਸੂਬੇ ਨੂੰ ਵੰਡਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਕਿਸਾਨ 14-15 ਲੱਖ ਟਿਊਬਵੈੱਲ ਲਾ ਕੇ ਧਰਤੀ ਹੇਠੋਂ ਪਾਣੀ ਖਿੱਚ ਰਹੇ ਹਨ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਸੂਬੇ 'ਚ ਪਾਣੀ ਲਈ ਕੋਹਰਾਮ ਮਚ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਸੂਬੇ ਕੋਲ ਕੋਲਾ, ਲੱਕੜੀ ਅਤੇ ਹੋਰ ਚੀਜ਼ਾਂ ਹਨ ਪਰ ਪੰਜਾਬ ਕੋਲ ਤਾਂ ਸਿਰਫ ਪਾਣੀ ਹੀ ਹੈ, ਉਹ ਵੀ ਗੁਆਂਢੀ ਸੂਬਿਆਂ ਨੂੰ ਵੰਡਿਆ ਜਾ ਰਿਹਾ ਹੈ, ਜੋ ਕਿ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਹੈ। 

Babita

This news is Content Editor Babita