ਬੇਅਦਬੀ ਮਾਮਲਿਆਂ 'ਚ ਬਾਦਲਾਂ ਨੇ ਬੇਗੁਨਾਹ ਲੋਕਾਂ 'ਤੇ ਢਾਹਿਆ ਕਹਿਰ : ਖਹਿਰਾ

01/21/2019 12:40:16 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸੂਬੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ 'ਚ ਬਾਦਲਾਂ ਨੇ ਭੋਲੇ-ਭਾਲੇ ਲੋਕਾਂ ਨੂੰ ਫਸਾਇਆ ਹੈ, ਜਦੋਂ ਕਿ ਅਸਲੀ ਮੁਲਜ਼ਮ ਅਜੇ ਵੀ ਬਾਹਰ ਘੁੰਮ ਰਹੇ ਹਨ। ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਖਹਿਰਾ ਨੇ ਦੱਸਿਆ ਕਿ ਬੁਰਜ ਜਵਾਹਰ ਸਿੰਘ ਵਾਲਾ 'ਚ ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਨਾਲ ਖੁਦ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੂੰ ਧੱਕੇਸ਼ਾਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਵੀਕਾਰ ਕਰਨ ਲਈ ਕਿਹਾ ਗਿਆ ਸੀ। ਖਹਿਰਾ ਨੇ ਦੱਸਿਆ ਕਿ ਉਕਤ ਲੋਕਾਂ 'ਤੇ ਪੁਲਸ ਨੇ ਇੰਨਾ ਜ਼ਿਆਦਾ ਥਰਡ ਡਿਗਰੀ ਟਾਰਚਰ ਕੀਤਾ ਕਿ ਡਰਦੇ ਮਾਰੇ ਉਨ੍ਹਾਂ ਲੋਕਾਂ ਨੇ ਇਸ ਦੀ ਸ਼ਿਕਾਇਤ ਹੀ ਨਹੀਂ ਕੀਤੀ। ਬਾਦਲਾਂ ਦੇ ਸਮੇਂ ਬੇਅਦਬੀ 'ਤੇ ਬਣੇ ਜ਼ੋਰਾ ਸਿੰਘ ਕਮਿਸ਼ਨ ਨੂੰ ਖਹਿਰਾ ਨੇ ਬੋਗਸ ਕਮਿਸ਼ਨ ਦੱਸਿਆ ਹੈ।

ਖਹਿਰਾ ਨੇ ਕਿਹਾ ਹੈ ਕਿ ਉਹ ਇਹ ਮੰਗ ਕਰਦੇ ਹਨ ਕਿ ਜਿਨ੍ਹਾਂ ਪੁਲਸ ਵਾਲਿਆਂ ਨੇ ਇਨ੍ਹਾਂ ਬੇਗੁਨਾਹ ਲੋਕਾਂ 'ਤੇ ਇੰਨਾ ਤਸ਼ੱਦਦ ਬਾਦਲਾਂ ਦੇ ਕਹਿਣ 'ਤੇ ਢਾਹਿਆ ਹੈ, ਉਨ੍ਹਾਂ ਪੁਲਸ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸੁਖਬੀਰ ਬਾਦਲ ਦੀ ਸ਼ੈਅ 'ਤੇ ਹੀ ਇਹ ਸਭ ਕੁਝ ਹੋਇਆ ਹੈ। ਸੁਖਪਾਲ ਖਹਿਰਾ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਸੁਖਬੀਰ ਬਾਦਲ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਫਿਰ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾ ਕੇ ਬਾਦਲਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ ਦਿਵਾਉਣਗੇ। 

Babita

This news is Content Editor Babita