ਰੰਧਾਵਾ ਦਾ ਕੇਜਰੀਵਾਲ ’ਤੇ ਵੱਡਾ ਹਮਲਾ, ਕਿਹਾ-ਤੁਸੀਂ ਕਦੋਂ ਤੋਂ ਡਰੱਗ ਦੇ ਦੋਸ਼ੀ ਨੂੰ ‘ਜੀ-ਜੀ’ ਕਹਿਣਾ ਸ਼ੁਰੂ ਕੀਤੈ

12/25/2021 10:39:54 AM

ਜਲੰਧਰ (ਧਵਨ)– ਪੰਜਾਬ ਦੇ ਉੱਪ-ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਦੌਰੇ ਦੌਰਾਨ ਕਾਂਗਰਸ ’ਤੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਨੂੰ ਲੈ ਕੇ ਨਸ਼ਿਆਂ ਨੂੰ ਖ਼ਤਮ ਨਾ ਕਰਨ ਦੇ ਮਾਮਲੇ ’ਚ ਕੀਤੇ ਜਾ ਰਹੇ ਸਿਆਸੀ ਹਮਲਿਆਂ ਨੂੰ ਵੇਖਦੇ ਹੋਏ ਸ਼ੁੱਕਰਵਾਰ ਜਵਾਬੀ ਹਮਲਾ ਕੀਤਾ ਅਤੇ ਕਿਹਾ ਕਿ ਕੇਜਰੀਵਾਲ ਦੀ ਕਥਨੀ ਅਤੇ ਕਰਨੀ ’ਚ ਭਾਰੀ ਫਰਕ ਹੈ।

ਰੰਧਾਵਾ ਨੇ ਕੇਜਰੀਵਾਲ ’ਤੇ ਵੱਡਾ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਤੁਸੀਂ ਕਦੋਂ ਤੋਂ ਡਰੱਗ ਦੇ ਕਥਿਤ ਦੋਸ਼ੀ ਨੂੰ ‘ਜੀ-ਜੀ’ ਕਹਿਣਾ ਸ਼ੁਰੂ ਕੀਤਾ ਹੈ। ਉਨ੍ਹਾਂ ਕੇਜਰੀਵਾਲ ਦੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਜਾਰੀ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਸ਼ੁੱਕਰਵਾਰ ਅੰਮ੍ਰਿਤਸਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਦੇ ਨਾਂ ਨਾਲ ‘ਜੀ-ਜੀ’ ਸ਼ਬਦ ਲਾਇਆ। ਇਸ ਤੋਂ ਪਤਾ ਲੱਗਦਾ ਹੈ ਕਿ ਕੇਜਰੀਵਾਲ ਦੀ ਮਜੀਠੀਆ ਨਾਲ ਕਿੰਨੀ ਦੋਸਤੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਜਦੋਂ ਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਕੀਤਾ ਸੀ ਤਾਂ ਉਸ ਸਮੇਂ ਵੀ ਕੇਜਰੀਵਾਲ ਨੇ ਸਰੰਡਰ ਕਰਦੇ ਹੋਏ ਮਜੀਠੀਆ ਕੋਲੋਂ ਮੁਆਫ਼ੀ ਮੰਗ ਲਈ ਸੀ। ਅਜਿਹੇ ਕੇਜਰੀਵਾਲ ਉੱਪਰ ਪੰਜਾਬ ਦੇ ਲੋਕ ਕਿਵੇਂ ਭਰੋਸਾ ਕਰ ਸਕਦੇ ਹਨ?

ਇਹ ਵੀ ਪੜ੍ਹੋ: ਕਪੂਰਥਲਾ ਘਟਨਾ ’ਚ ਮਾਰੇ ਗਏ ਨੌਜਵਾਨ ਦਾ ਹੋਇਆ ਪੋਸਟਮਾਰਟਮ, ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

ਰੰਧਾਵਾ ਨੇ ਕਿਹਾ ਕਿ ਜਿਸ ਮਜੀਠੀਆ ’ਤੇ ਪੰਜਾਬ ਪੁਲਸ ਨੇ ਕੇਸ ਦਰਜ ਕੀਤਾ ਹੈ, ਉਸ ਨੂੰ ‘ਜੀ’ ਕਹਿਣ ਨਾਲ ਪੰਜਾਬ ਦੇ ਲੋਕ ਕੇਜਰੀਵਾਲ ’ਤੇ ਹੈਰਾਨ ਹਨ। ਅਜਿਹਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਅੰਦਰਖਾਤੇ ਅਕਾਲੀ ਦਲ ਨਾਲ ਮਿਲੀ ਹੋਈ ਹੈ। ਕਾਂਗਰਸ ਨੇ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਇਕ ਸਭ ਤੋਂ ਵੱਡਾ ਵਾਅਦਾ ਮਜੀਠੀਆ ਵਿਰੁੱਧ ਕੇਸ ਦਰਜ ਕਰਵਾਉਣ ਦਾ ਸੀ। ਉਸ ਨੂੰ ਵੀ ਪੂਰਾ ਕਰ ਦਿੱਤਾ ਗਿਆ ਹੈ। ਉੱਪ-ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਕੇਜਰੀਵਾਲ ਦੀ ਦੋਗਲੀ ਨੀਤੀ ਨੂੰ ਲੋਕਾਂ ਦਰਮਿਆਨ ਲਿਜਾਏਗੀ। ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਕੇਜਰੀਵਾਲ ਨੇ ਮਜੀਠੀਆ ਕੋਲੋਂ ਮੁਆਫ਼ੀ ਮੰਗੀ ਸੀ ਅਤੇ ਉਸ ਦੀ ਚਿੱਠੀ ਵੀ ਲੋਕਾਂ ਦੇ ਸਾਹਮਣੇ ਰੱਖੀ ਜਾਵੇਗੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਪੂਰਥਲਾ ਦੇ ਨਿਜ਼ਾਮਪੁਰ ਦੀ ਘਟਨਾ ਦੇ ਮਾਮਲੇ ’ਚ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri