ਮੋਗਾ ਰੈਲੀ 'ਚ ਸਿੱਧੂ ਨਾਲ ਹੋਈ ਤਲਖ਼ੀ 'ਤੇ ਰੰਧਾਵਾ ਦਾ ਵੱਡਾ ਬਿਆਨ

10/09/2020 6:19:21 PM

ਜਲੰਧਰ— ਮੋਗਾ ਰੈਲੀ 'ਚ ਨਵਜੋਤ ਸਿੰਘ ਸਿੱਧੂ ਅਤੇ ਰੰਧਾਵਾ ਵਿਚਾਲੇ ਹੋਈ ਤਲਖ਼ੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਵਿਵਾਦ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹੁਣ ਨਵਜੋਤ ਸਿੰਘ ਸਿੱਧੂ 'ਤੇ ਸ਼ਬਦੀ ਹਮਲੇ ਕੀਤੇ ਹਨ। ਤਲਖ਼ੀ ਭਰੇ ਤੇਵਰਾਂ ਦੇ ਨਾਲ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਮੇਰਾ ਅਪਮਾਨ ਨਹੀਂ ਸਗੋਂ ਹਾਈਕਮਾਨ ਦਾ ਅਪਮਾਨ ਕੀਤਾ ਹੈ। ਖੰਨਾ ਵਿਖੇ ਪੁੱਜੇ ਰੰਧਾਵਾ ਨੇ ਕਿਹਾ ਕਿ ਮੈਂ ਕਾਂਗਰਸੀ ਹਾਂ ਅਤੇ ਕਾਂਗਰਸ ਪਾਰਟੀ ਬਾਰੇ ਹੀ ਸੋਚਾਂਗਾ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮਾਈਗ੍ਰੇਟ ਕਰਕੇ ਪਾਰਟੀ 'ਚ ਲਿਆਂਦੇ ਗਏ ਹਨ ਅਤੇ ਉਹ ਉਸੇ ਤਰੀਕੇ ਨਾਲ ਹੀ ਸੋਚਣਗੇ।

ਰਾਹੁਲ ਗਾਂਧੀ ਦੀ ਫੇਰੀ ਦੌਰਾਨ ਵਿਵਾਦ 'ਤੇ ਰੰਧਾਵਾ ਨੇ ਅੱਗੇ ਕਿਹਾ ਕਿ ਇਹ ਨੈਸ਼ਨਲ ਕਾਂਗਰਸ ਦਾ ਪ੍ਰੋਗਰਾਮ ਸੀ। ਉਨ੍ਹਾਂ ਭਾਸ਼ਣ ਖ਼ਤਮ ਕਰਨ ਲਈ ਸਿੱਧੂ ਨੂੰ ਜਿਹੜੀ ਪਰਚੀ ਭੇਜ ਦਿੱਤੀ ਸੀ, ਉਸ 'ਤੇ ਹਰੀਸ਼ ਰਾਵਤ ਨੇ ਦਸਤਖ਼ਤ ਕੀਤੇ ਸਨ। ਇਸੇ ਕਰਕੇ ਸਿੱਧੂ ਨੇ ਮੇਰਾ ਨਹੀਂ ਸਗੋਂ ਹਰੀਸ਼ ਰਾਵਤ ਅਤੇ ਆਲ ਇੰਡੀਆ ਕਾਂਗਰਸ ਦਾ ਅਪਮਾਣ ਕੀਤਾ ਹੈ। ਰੰਧਾਵਾ ਨੇ ਸਿੱਧੂ 'ਤੇ ਤਿੱਖਾ ਨਿਸ਼ਾਨਾ ਲਾਉਂਦੇ ਕਿਹਾ ਕਿ ਮੈਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਕਹਿਣ 'ਤੇ ਹੀ ਸਿੱਧੂ ਨੂੰ ਪਰਚੀ ਦੇਣ ਗਿਆ ਸੀ, ਜਿਸ 'ਚ ਇਹ ਲਿਖਿਆ ਹੋਇਆ ਸੀ ਕਿ ਸਮਾਂ ਬਹੁਤ ਘੱਟ ਹੈ।

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਹਾਈਕਮਾਨ ਦੇ ਕੋਲ ਲਿਸਟ ਜਾਂਦੀ ਹੈ, ਜਿਸ 'ਚ ਲਿੱਖਿਆ ਹੁੰਦਾ ਹੈ ਕਿ ਕਿਹੜੇ ਆਗੂ ਨੇ ਕਿੰਨਾ ਸਮਾਂ ਬੋਲਣਾ ਹੈ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਸਿੱਧੂ ਨੂੰ ਭਾਸ਼ਣ ਦਿੰਦੇ ਹੋਏ 10 ਮਿੰਟਾਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਸੀ।

ਉਨ੍ਹਾਂ ਕਿਹਾ ਕਿ ਜਦੋਂ ਸਮਾਂ ਵੱਧ ਗਿਆ ਸੀ ਤਾਂ ਹਰੀਸ਼ ਰਾਵਤ ਨੇ ਪਰਚੀ ਦੇ ਕੇ ਸਿੱਧੂ ਕੋਲ ਜਾਣ ਲਈ ਕਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਰੰਧਾਵਾ ਵੱਲੋਂ ਪਹਿਲਾਂ ਸਿੱਧੂ ਦੇ ਕੋਲ ਪਰਚੀ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਜਦੋਂ ਰਾਵਤ ਨੇ ਖੁਦ ਜਾਣ ਦੀ ਗੱਲ ਕਹੀ ਤਾਂ ਬਾਅਦ 'ਚ ਰੰਧਾਵਾ ਸਿੱਧੂ ਦੇ ਕੋਲ ਪਰਚੀ ਲੈ ਕੇ ਸਟੇਜ 'ਤੇ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਤਾਂ ਕਾਂਗਰਸੀ ਹਾਂ ਅਤੇ ਕਾਂਗਰਸ ਪਾਰਟੀ ਬਾਰੇ ਹੀ ਸੋਚਾਂਗੇ ਪਰ ਜੋ ਮਾਈਗ੍ਰੇਟ ਕਰਕੇ ਪਾਰਟੀ 'ਚ ਲਿਆਂਦੇ ਗਏ ਹਨ, ਉਨ੍ਹਾਂ ਨੇ ਉਸੇ ਤਰੀਕੇ ਨਾਲ ਸੋਚਣਾ ਹੈ।

ਇਥੇ ਦੱਸ ਦੱਈਏ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਮੋਗਾ 'ਚ ਕੀਤੀ ਗਈ ਰੈਲੀ 'ਚ ਭਾਸ਼ਣ ਦੌਰਾਨ ਰੰਧਾਵਾ ਵੱਲੋਂ ਸਿੱਧੂ ਨੂੰ ਰੋਕਣ 'ਤੇ ਨਵਜੋਤ ਸਿੰਘ ਸਿੱਧੂ ਭੜਕ ਗਏ ਸਨ ਅਤੇ ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਅੱਜ ਨਾ ਰੋਕ ਭਾਈ...ਪਹਿਲਾਂ ਹੀ ਬਿਠਾਈ ਰੱਖਿਆ ਸੀ।

shivani attri

This news is Content Editor shivani attri