ਰੰਧਾਵਾ ਦਾ ਵੱਡਾ ਬਿਆਨ, ਪੰਜਾਬ ''ਚ ਵਪਾਰ ਕਰਨ ਆਇਆ ਸੀ ਫੂਲਕਾ

08/14/2019 6:50:16 PM

ਅੰਮ੍ਰਿਤਸਰ (ਸੁਮਿਤ) : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਵਾਰ ਫਿਰ ਐੱਚ. ਐੱਸ. ਫੂਲਕਾ 'ਤੇ ਵੱਡਾ ਹਮਲਾ ਬੋਲਿਆ ਹੈ। ਫੂਲਕਾ ਵਲੋਂ ਬੇਅਦਬੀ ਮਾਮਲਿਆਂ 'ਤੇ ਵਿਧਾਇਕਾਂ ਨੂੰ ਅਸਤੀਫਿਆਂ ਦੀ ਝੜੀ ਲਗਾਉਣ ਦੇ ਦਿੱਤੇ ਬਿਆਨ 'ਤੇ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣਾ ਕੰਮ ਠੀਕ ਢੰਗ ਨਾਲ ਕਰ ਰਹੀ ਹੈ। ਇਸ ਮਾਮਲੇ ਵਿਚ ਕਈ ਦੋਸ਼ੀ ਫੜੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਵੀ ਹੋਈ ਹੈ, ਇਸ ਮਾਮਲੇ ਨਾਲ ਸੰਬੰਧਤ ਵੱਡੇ ਲੋਕਾਂ ਦੀ ਵੀ ਜਾਂਚ ਚੱਲ ਰਹੀ ਹੈ। ਰੰਧਾਵਾ ਨੇ ਕਿਹਾ ਕਿ ਫੂਲਕਾ ਪੰਜਾਬ ਵਿਚ ਆਪਣਾ ਵਪਾਰ ਕਰਨ ਆਏ ਸਨ, ਹੁਣ ਜਦੋਂ ਉਨ੍ਹਾਂ ਦੀ ਸਰਕਾਰ ਨਹੀਂ ਬਣੀ ਤਾਂ ਉਹ ਅਜਿਹੇ ਬਿਆਨ ਦਾਗ ਰਹੇ ਹਨ।

ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਕੁਝ ਨਹੀਂ ਕੀਤੀ। ਅਕਾਲੀ ਸਰਕਾਰ ਦੌਰਾਨ ਜਿਹੜੀ ਐੱਸ. ਆਈ. ਟੀ. ਬਣਾਈ ਗਈ ਸੀ, ਉਸ 'ਤੇ ਵੀ ਕੰਮ ਕਾਂਗਰਸ ਸਰਕਾਰ ਵੇਲੇ ਹੋਇਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਲੋਂ ਜਿਹੜਾ ਕਲੋਜ਼ਰ ਰਿਪੋਰਟ 'ਤੇ ਬਿਆਨ ਦਿੱਤਾ ਗਿਆ ਸੀ, ਉਹ ਵੀ ਡੇਰੇ ਨਾਲ ਜੁੜਿਆ ਹੋਇਆ ਸੀ। ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਏ ਜਾਣ ਦੀ ਸੁਖਬੀਰ ਬਾਦਲ ਦੀ ਮੰਗ 'ਤੇ ਰੰਧਾਵਾ ਨੇ ਕਿਹਾ ਕਿ ਉਦੋਂ ਸੁਖਬੀਰ ਕਿੱਥੇ ਸਨ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਦਕਿ ਐੱਸ. ਆਈ. ਟੀ. ਨੇ ਆਪਣੇ ਚਾਲਾਨ ਪੇਸ਼ ਕਰ ਦਿੱਤਾ ਹੈ, ਹੁਣ ਮਾਮਲਾ ਸਰਕਾਰ ਦੇ ਹੱਥ ਨਹੀਂ ਸਗੋਂ ਅਦਾਲਤ ਕੋਲ ਹੈ।

Gurminder Singh

This news is Content Editor Gurminder Singh