ਸੁਖਜਿੰਦਰ ਰੰਧਾਵਾ ਦੇ ਹੱਕ ''ਚ ਨਿੱਤਰੇ ਰਵਨੀਤ ਬਿੱਟੂ, ਮਜੀਠੀਆਂ ਨੂੰ ਸੁਣਾਈਆਂ ਖਰੀਆਂ-ਖਰੀਆਂ

05/29/2020 6:42:36 PM

ਚੰਡੀਗੜ੍ਹ (ਟੱਕਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਬੀਜ ਘੁਟਾਲੇ 'ਚ ਕਾਂਗਰਸ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਤਿੱਖੇ ਹਮਲੇ ਕਰਨ ਤੋਂ ਬਾਅਦ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਪਾਰਟੀ ਦੇ ਮੰਤਰੀ ਦੇ ਹੱਕ 'ਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਸਮੂਹ ਕਾਂਗਰਸ ਪਾਰਟੀ ਉਨ੍ਹਾਂ ਨਾਲ ਖੜ੍ਹੀ ਹੈ ਕਿਉਂਕਿ ਉਹ ਸੱਚੇ ਹਨ ਜਦਕਿ ਅਕਾਲੀ ਝੂਠ ਦਾ ਪ੍ਰਚਾਰ ਕਰ ਰਹੇ ਹਨ। ਐੱਮ.ਪੀ. ਬਿੱਟੂ ਨੇ ਕਿਹਾ ਕਿ ਕੈਬਨਿਟ ਮੰਤਰੀ ਰੰਧਾਵਾ ਵਲੋਂ ਹਮੇਸ਼ਾ ਪੰਜਾਬ 'ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਚਿੱਟੇ ਦੀ ਤਸਕਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਇਲਾਵਾ ਬਰਗਾੜੀ ਵਿਖੇ 2 ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਅਕਾਲੀਆਂ ਦੀ ਸੱਚਾਈ ਸਾਹਮਣੇ ਲਿਆਂਦੀ ਸੀ ਅਤੇ ਹੁਣ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੀ ਰੰਜਿਸ਼ ਕੱਢ ਰਿਹਾ ਹੈ ਅਤੇ ਚੈਨਲਾਂ ਰਾਹੀਂ ਉੱਚੀ ਆਵਾਜ਼ 'ਚ ਬੋਲ ਕੇ ਸੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। 

ਇਹ ਵੀ ਪੜ੍ਹੋ : ਜਲੰਧਰ ਵਿਚ ਕੋਰੋਨਾ ਦਾ ਵੱਡਾ ਧਮਾਕਾ, 7 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ 

ਬਿੱਟੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਜੋ ਘਿਨੌਣੀਆਂ ਘਟਨਾਵਾਂ ਵਾਪਰੀਆਂ ਅਤੇ ਚਿੱਟੇ ਦੀ ਤਸਕਰੀ 'ਚ ਕੌਣ-ਕੌਣ ਸ਼ਾਮਲ ਹੈ। ਇਸ ਤੋਂ ਇਲਾਵਾ ਅਕਾਲੀਆਂ ਦੇ ਕਾਰਜਕਾਲ ਦੌਰਾਨ ਉਸ ਸਮੇਂ ਦੇ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਜੋ ਕੀਤਾ ਉਹ ਵੀ ਅਕਾਲੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਰੰਧਾਵਾ ਦਾ ਇਕ ਇਮਾਨਦਾਰ ਪਰਿਵਾਰ ਹੈ ਅਤੇ ਰੰਧਾਵਾ ਨੇ ਬਿਆਨ ਦਿੱਤਾ ਹੈ ਕਿ ਜੋ ਦੋਸ਼ ਲਗਾਏ ਜਾ ਰਹੇ ਹਨ ਉਨ੍ਹਾਂ ਦੀ ਜਾਂਚ ਕਰਵਾ ਲਈ ਜਾਵੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਰੰਧਾਵਾ ਤਕੜੇ ਹੋ ਕੇ ਇਸ ਲੜਾਈ ਨੂੰ ਲੜਨ ਅਤੇ ਅਕਾਲੀਆਂ ਵਲੋਂ ਕੀਤੀਆਂ ਘਪਲੇਬਾਜ਼ੀਆਂ ਤੇ ਵਧੀਕੀਆਂ ਨੂੰ ਸਾਹਮਣੇ ਲਿਆਉਂਦੇ ਰਹਿਣ, ਇਸ ਲਈ ਉਹ ਆਪ ਤੇ ਕਾਂਗਰਸ ਪਾਰਟੀ ਦੇ ਸਮੂਹ ਵਰਕਰ ਉਨ੍ਹਾਂ ਦਾ ਡਟ ਕੇ ਸਾਥ ਦੇਣਗੇ।

ਇਹ ਵੀ ਪੜ੍ਹੋ : ਸੰਗਰੂਰ 'ਚ ਕਹਿਰ ਬਣ ਕੇ ਵਰ੍ਹਿਆ ਮੀਂਹ, ਸੁੱਤੇ ਪਰਿਵਾਰ 'ਤੇ ਆ ਡਿੱਗੀ ਛੱਤ 

Gurminder Singh

This news is Content Editor Gurminder Singh