ਐੱਸ. ਜੀ. ਪੀ. ਸੀ. ਨੂੰ ਬਾਦਲਾਂ ਤੋਂ ਆਜ਼ਾਦ ਕਰਾਉਣਾ ਮੁੱਖ ਟੀਚਾ : ਢੀਂਡਸਾ

01/24/2020 4:25:22 PM

ਲੁਧਿਆਣਾ (ਨਰਿੰਦਰ) : ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਸ਼ੁੱਕਰਵਾਰ ਨੂੰ ਲੁਧਿਆਣਾ ਪੁੱਜੇ, ਜਿੱਥੇ ਉਨ੍ਹਾਂ ਨਾਲ ਡੀ. ਐੱਸ. ਜੀ. ਐਮ. ਸੀ. ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਸਾਬਕਾ ਮੰਤਰੀ ਰਹਿ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਵੀ ਮੌਜੂਦ ਸਨ। ਇਸ ਮੌਕੇ ਸੁਖਦੇਵ ਢੀਂਡਸਾ ਨੇ ਕਿਹਾ ਕਿ ਫਿਲਹਾਲਾ ਉਨ੍ਹਾਂ ਦਾ ਕੋਈ ਸਿਆਸੀ ਪਾਰਟੀ ਬਣਾਉਣ ਦਾ ਮਕਸਦ ਨਹੀਂ ਹੈ, ਸਗੋਂ ਸਭ ਤੋਂ ਪਹਿਲਾ ਟੀਚਾ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਆਜ਼ਾਦ ਕਰਾਉਣਾ ਅਤੇ ਭ੍ਰਿਸ਼ਟ ਮੈਂਬਰਾਂ ਤੋਂ ਖਾਲੀ ਕਰਾਉਣਾ ਹੈ।

ਇਸ ਮੌਕੇ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸ. ਜੀ. ਪੀ. ਸੀ. ਦੀਆਂ ਗੋਲਕਾਂ 'ਤੇ ਜਿਹੜੇ ਲੋਕ ਕਬਜ਼ਾ ਕਰੀ ਬੈਠੇ ਹਨ, ਉਨ੍ਹਾਂ ਲੋਕਾਂ ਤੋਂ ਐੱਸ. ਜੀ. ਪੀ. ਸੀ. ਨੂੰ ਬਚਾਉਣਾ ਉਨ੍ਹਾਂ ਦਾ ਪਹਿਲਾ ਮਕਸਦ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਆਗੂਆਂ ਅਤੇ ਵਰਕਰਾਂ ਨੂੰ ਅਕਾਲੀ ਦਲ ਵਲੋਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਟਕਸਾਲੀ ਆਗੂ ਕੋਈ ਧਿਰ ਬਣਾਉਂਦੇ ਹਨ ਤਾਂ ਉਹ ਇਸ ਬਾਰੇ ਵਿਚਾਰ ਕਰਨਗੇ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਰਫ ਬਾਦਲਾਂ ਦੀ ਜਾਇਦਾਦ ਬਣ ਕੇ ਰਹਿ ਗਿਆ ਹੈ। ਮਨਜੀਤ ਸਿੰਘ ਜੀ. ਕੇ. ਨੇ ਵੀ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਖਿਲਾਫ ਜਿਹੜਾ ਵੀ ਧੜਾ ਖੜ੍ਹਾ ਹੋਵੇਗਾ, ਉਹ ਉਸ ਨੂੰ ਸਮਰਥਨ ਦੇਣਗੇ। ਦੂਜੇ ਪਾਸੇ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਮੁੜ ਤੋਂ 2020 'ਚ ਐੱਸ. ਜੀ. ਪੀ. ਸੀ. ਦੀਆਂ ਗੋਲਕਾਂ ਨੂੰ ਬਾਦਲਾਂ ਦੇ ਕਬਜ਼ੇ 'ਚੋਂ ਛੁਡਵਾਉਣ ਦਾ ਟੀਚਾ ਮਿਥਿਆ ਗਿਆ ਹੈ।

Babita

This news is Content Editor Babita