ਢੀਂਡਸਾ ਦੇ ਧਮਾਕੇ ਤੋਂ ਬਾਅਦ ਅੱਜ ਬ੍ਰਹਮਪੁਰਾ ਤੇ ਅਜਨਾਲਾ ਦੀ ਪ੍ਰੈੱਸ ਕਾਨਫਰੰਸ

09/30/2018 3:23:03 PM

ਜਲੰਧਰ : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਾਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਅੱਜ ਪਾਰਟੀ ਦੇ ਦੋ ਹੋਰ ਸੀਨੀਅਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਵਲੋਂ 4.30 ਵਜੇ ਰੱਖੀ ਗਈ ਪ੍ਰੈੱਸ ਕਾਨਫਰੰਸ ਨੇ ਅਕਾਲੀ ਸਭਾ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰੈੱਸ ਕਾਨਫਰੰਸ ਦੌਰਾਨ ਦੋਵੇਂ ਅਕਾਲੀ ਆਗੂ ਕੋਈ ਵੱਡਾ ਐਲਾਨ ਕਰ ਸਕਦੇ ਹਨ। 
'ਜਗ ਬਾਣੀ' ਨੂੰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਸੇਵਾ ਸਿੰਘ ਸੇਖਵਾਂ ਵੀ ਇਸ ਪ੍ਰੈੱਸ ਕਾਨਫਰੰਸ ਵਿਚ ਸ਼ਾਮਿਲ ਹੋ ਸਕਦੇ ਹਨ। ਹਾਲਾਂਕਿ ਅਕਾਲੀ ਹਾਈ ਕਮਾਨ ਵਲੋਂ ਉਨ੍ਹਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਸੁਖਦੇਵ ਸਿੰਘ ਢੀਂਡਸਾ ਮਾਲਵਾ ਨਾਲ ਸੰਬੰਧ ਰੱਖਦੇ ਹਨ ਜਦਕਿ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਦੋਵੇਂ ਵੱਡੇ ਆਗੂ ਮਾਝਾ ਤੋਂ ਆਉਂਦੇ ਹਨ। 
ਦਿੱਗਜ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਦੇ ਟਕਸਾਲੀ ਆਗੂ ਰਹੇ ਹਨ ਅਤੇ ਉਹ ਨੌਸ਼ਹਿਰਾ ਪੰਨੂਆਂ ਤੋਂ 1997 ਤੋਂ ਲੈ ਕੇ 2002 ਤੇ 2007 ਵਿਚ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਦੀ ਚੋਣ ਜਿੱਤ ਚੁੱਕੇ ਹਨ। ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਾਝੇ ਦੇ ਸ਼ੇਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਉਹ 2007 ਵਿਚ ਬਾਦਲ ਸਰਕਾਰ 'ਚ ਮੰਤਰੀ ਵੀ ਰਹਿ ਚੁੱਕੇ ਹਨ। ਮੌਜੂਦਾ ਸਮੇਂ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਐੱਮ. ਪੀ. ਹਨ। 
ਰਤਨ ਸਿੰਘ ਅਜਨਾਲਾ ਵੀ ਅਕਾਲੀ ਦਲ ਦੇ ਦਿੱਗਜ ਆਗੂਆਂ 'ਚੋਂ ਇਕ ਹਨ। ਅਜਨਾਲਾ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਅਜਨਾਲਾ ਨੇ 1985 ਵਿਚ ਅਕਾਲੀ ਦਲ ਦੇ ਨਿਸ਼ਾਨ 'ਤੇ ਚੋਣ ਮੈਦਾਨ ਵਿਚ ਉਤਰੇ ਸਨ ਅਤੇ ਜੇਤੂ ਰਹੇ ਸਨ। 1994 ਵਿਚ ਅਜਨਾਲਾ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਵਿਧਾਨ ਸਭਾ ਚੋਣ ਲੜੀ ਰਹੀ ਅਤੇ ਜੇਤੂ ਰਹੇ। ਅਜਨਾਲਾ ਨੇ 1997 ਅਤੇ 2002 ਵਿਚ ਮੁੜ ਅਕਾਲੀ ਵਲੋਂ ਚੋਣ ਲੜੀ ਅਤੇ ਜੇਤੂ ਰਹੇ।