ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਬਸਪਾ ਕੋਟੇ ਤੋਂ ਹੋਵੇਗਾ ਇਕ ਡਿਪਟੀ ਸੀ.ਐੱਮ.

12/11/2021 3:23:11 PM

ਨਵਾਂਸ਼ਹਿਰ/ਬੰਗਾ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬੰਗਾ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਸਰਕਾਰ ਬਣਨ ’ਤੇ ਇਕ ਡਿਪਟੀ ਸੀ. ਐੱਮ. ਦਾ ਚਿਹਰਾ ਬਸਪਾ ਤੋਂ ਹੋਵੇਗਾ। ਸਰਕਾਰ ਬਣਨ ’ਤੇ ਪੰਜਾਬ ’ਚ ਦੋ ਡਿਪਟੀ ਸੀ. ਐੱਮ. ਬਣਾਏ ਜਾਣਗੇ, ਜਿਨ੍ਹਾਂ ’ਚੋਂ ਇਕ ਡਿਪਟੀ ਮੁੱਖ ਮੰਤਰੀ ਬਸਪਾ ਪਾਰਟੀ ਦਾ ਬਣਾਇਆ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਦੂਜੇ ਡਿਪਟੀ ਸੀ. ਐੱਮ. ਨੂੰ ਲੈ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਦੂਜਾ ਡਿਪਟੀ ਸੀ. ਐੱਮ. ਹਿੰਦੂ ਚਿਹਰਾ ਹੋਵੇਗਾ।  ਉਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤੰਜ ਕੱਸਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਿਰਫ਼ ਦੋ ਮਹੀਨੇ ਰਹਿ ਗਏ ਹਨ, ਸਾਨੂੰ ਕੋਈ ਮੰਜਾ ਬੁਣਨ ਵਾਲਾ ਮੁੱਖ ਮੰਤਰੀ ਨਹੀਂ ਚਾਹੀਦੇ ਹੈ, ਸਾਨੂੰ ਉਹ ਮੁੱਖ ਮੰਤਰੀ ਚਾਹੀਦਾ ਹੈ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਕੋਈ ਸਰਕਾਰ ਹੀ ਨਹੀਂ ਹੈ। ਪੰਜਾਬ ’ਚ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ।

ਇਹ ਵੀ ਪੜ੍ਹੋ:  ਪੰਜਾਬ ’ਚ ਦਿੱਲੀ ਦੇ ਮੁਕਾਬਲੇ ਸਿਹਤ ਸਹੂਲਤਾਂ ਬਿਹਤਰ, ‘ਆਪ’ ਨੂੰ ਬਹਿਸ ਦੀ ਚੁਣੌਤੀ : ਓ. ਪੀ. ਸੋਨੀ


ਕਾਂਗਰਸ ਸਰਕਾਰ ਨੇ ਤਾਂ ਆਪਣੇ ਕਾਰਜਕਾਲ ’ਚ ਪੰਜਾਬ ਦੀ ਜਨਤਾ ਲਈ ਕੁਝ ਵੀ ਨਹੀਂ ਕੀਤਾ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡੇ ਹਮਲੇ ਕੀਤੇ। ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਉਹ ਕਿਸੇ ਵੀ ਹਲਕੇ ’ਚ ਨਹੀਂ ਗਏ। ਉਨ੍ਹਾਂ ਕਿਹਾ ਕਿ ਪੰਜਾਬ ’ਚ ਖਜਾਨਾ ਖਾਲੀ ਨਹੀਂ ਜਦਕਿ ਇਨ੍ਹਾਂ ਦੀ ਨੀਅਤ ’ਚ ਕਮੀ ਹੈ। 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਲੀਡਰ ਆਫ਼ ਹਾਊਸ ਸਨ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ 2002 ਅਤੇ 2007 ’ਚ ਕਾਂਗਰਸ ਦੀ ਸਰਕਾਰ ਨੇ ਕੀਤਾ ਕੀ ਹੈ, ਕੋਈ ਪੰਜ ਚੀਜ਼ਾਂ ਗਿਣਾ ਦਿਓ ਤਾਂ ਕੁਝ ਵੀ ਨਹੀਂ ਦੱਸ ਸਕੇ ਸਨ, ਸਿਰਫ਼ ਇਹੀ ਕਿਹਾ ਕਿ ਅਸੀਂ ਤਾਂ ਪੈਚਵਰਕ ਕੀਤਾ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੇ ਰੇਤ ਮਾਫ਼ੀਆ, ਜਾਅਲੀ ਸ਼ਰਾਬ ਵੇਚਣ ਵਾਲੇ ਤਾਂ ਇਹੀ ਹੈ ਅਤੇ ਗੁੰਡਾਗਰਦੀ ਕਰਨ ’ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਖਜਾਨਾ ’ਚ ਕਮੀ ਨਹੀਂ ਜਦਕਿ ਇਨ੍ਹਾਂ ਦੀ ਨੀਅਤ ’ਚ ਹੀ ਕਮੀ ਹੈ। ਇਹ ਇਕੱਲਾ ਪੰਜਾਬ ਨੂੰ ਲੁੱਟਣ ’ਤੇ ਹੀ ਲੱਗੇ ਹਨ। ਇਹੋ ਜਿਹੀ ਮਾੜੀ ਸਰਕਾਰ ਨੂੰ ਅੱਜ ਬਦਲਾਉਣ ਦੀ ਲੋੜ ਹੈ।  ਇਸ ਦੇ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਦੋਆਬਾ ਵਾਸੀਆਂ ਲਈ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਬਣਨ ’ਤੇ ਡਾ. ਬੀ.ਆਰ. ਅੰਬੇਡਕਰ ਜੀ ਦੇ ਨਾਂ ’ਤੇ ਦੋਆਬਾ ’ਚ ਵੱਡੀ ਯੂਨੀਵਰਸਿਟੀ ਬਣਾਈ ਜਾਵੇਗੀ। ਭਗਵਾਨ ਵਾਲਮੀਕਿ ਜੀ ਦੇ ਨਾਂ ’ਤੇ ਵੀ ਇਕ ਯੂਨੀਵਰਸਿਟੀ ਬਣਾਈ ਜਾਵੇਗੀ। 

ਇਹ ਵੀ ਪੜ੍ਹੋ: ਮਜੀਠੀਆ 'ਤੇ ਰੰਧਾਵਾ ਦਾ ਪਲਟਵਾਰ, ਕਿਹਾ-ਅਕਾਲੀਆਂ ਦੇ ਸਮੇਂ 'ਚ ਤਬਾਦਲਿਆਂ ਲਈ ਚਲਦਾ ਸੀ ਪੈਸਾ

ਆਪਣੀ ਸਰਕਾਰ ਵੇਲੇ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੇ ਅਜਿਹੇ ਫ਼ੈਸਲੇ ਕੀਤੇ, ਜਿਹੜੇ ਹਿੰਦੁਸਤਾਨ ’ਚ ਕਿਸੇ ਵੀ ਸਰਕਾਰ ਨੇ ਅੱਜ ਤੱਕ ਨਹੀਂ ਕੀਤੇ ਹਨ। ਕਿਸਾਨਾਂ ਦੀ ਆਵਾਜ਼ ਜੇਕਰ ਹੈ ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੇ ਆਟਾ-ਦਾਲ ਦੀ ਸਕੀਮ, ਸ਼ਗਨ ਸਕੀਮ, ਪੈਸ਼ਨ ਸਕੀਮ, 200 ਯੂਨਿਟ ਐੱਸ. ਸੀ./ਬੀ. ਸੀ. ਲਈ ਮੁਆਫ਼ ਕੀਤੇ। ਵਜ਼ੀਫਾ ਸਕੀਮ ਵੀ ਅਕਾਲੀ ਦਲ ਦੀ ਸਰਕਾਰ ਨੇ ਹੀ ਚਲਾਈ, ਜਿਸ ਨੂੰ ਕਾਂਗਰਸ ਨੇ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਜਨਤਾ ਲੁੱਟਣ ’ਤੇ ਲੱਗੀ ਹੋਈ, ਜਿਸ ਨੂੰ ਹੁਣ ਬਦਲਣ ਦੀ ਲੋੜ ਹੈ। 

ਇਹ ਵੀ ਪੜ੍ਹੋ: ਰਾਜਾ ਵੜਿੰਗ ਦੀ ਆਮਦਨੀ ਵਧਾਉਣ ਦੀ ਯੋਜਨਾ ਦੀ ਨਿਕਲੀ ਹਵਾ, 4 ਦਿਨਾਂ 'ਚ 10 ਕਰੋੜ ਤੋਂ ਵੱਧ ਦਾ ਟਰਾਂਜੈਕਸ਼ਨ ‘ਲਾਸ’

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri