ਅਟਾਰੀ ਹਲਕੇ ’ਚ ਗਰਜੇ ਸੁਖਬੀਰ ਬਾਦਲ, ਨਸ਼ੇ ਸਣੇ ਕਈ ਮੁੱਦਿਆਂ ’ਤੇ ਘੇਰੀ ਕੈਪਟਨ ਸਰਕਾਰ

04/02/2021 6:31:22 PM

ਜਲੰਧਰ/ਅਟਾਰੀ (ਬਿਊਰੋ) — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਅਟਾਰੀ ਵਿਖੇ ਅਨਾਜ ਮੰਡੀ ’ਚ ‘ਪੰਜਾਬ ਮੰਗਦਾ ਜਵਾਬ’ ਦੀ ਲੜੀ ਤਹਿਤ ਚੌਥੀ ਰੈਲੀ ਕੀਤੀ ਗਈ। ਇਸ ਦੌਰਾਨ ਜਨਤਾ ਦਾ ਭਾਰੀ ਇਕੱਠ ਮੌਜੂਦ ਰਿਹਾ। ਰੈਲੀ ’ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਆਪਣੇ ਚਾਰ ਸਾਲਾ ਦੇ ਕਾਰਜਕਾਲ ਦੌਰਾਨ ਕੈਪਟਨ ਦੀ ਸਰਕਾਰ ਨੇ ਆਖਿਰ ਕੀਤਾ ਕੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਦੀ ਸਰਕਾਰ ਵੇਲੇ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਸਾਰੀਆਂ ਹੀ ਬੰਦ ਕਰ ਦਿੱਤੀਆਂ ਹਨ। 

ਉਨ੍ਹਾਂ ਕਿਹਾ ਕਿ ਐੱਸ.ਸੀ./ਐੱਸ.ਟੀ. ਦੇ ਬੱਚਿਆਂ ਨੂੰ ਸਕਾਲਰਸ਼ਿਪ ਦੀ ਸਕੀਮ ਮੁਹੱਈਆ ਕਰਵਾਈ ਗਈ ਸੀ, ਜਿਸ ਨੂੰ ਕੈਪਟਨ ਸਾਬ੍ਹ ਨੇ ਬੰਦ ਕਰ ਦਿੱਤਾ। ਜਿਸ ਦਿਨ ਤੋਂ ਕੈਪਟਨ ਮੁੱਖ ਮੰਤਰੀ ਬਣੇ ਹਨ, ਉਸੇ ਦਿਨ ਤੋਂ ਸਕਾਲਰਸ਼ਿਪ ਦੀ ਸਕੀਮ ਨੂੰ ਬੰਦ ਕਰ ਦਿੱਤਾ ਗਿਆ। ਜਿਹੜਾ ਪੈਸਾ ਸੀ, ਉਹ ਮੰਤਰੀ ਧਰਮਸੌਤ ਨੇ ਕੱਢਵਾ ਕੇ ਆਪਣੇ ਚਹੇਤਿਆਂ ਨੂੰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜਾ ਕਰੋੜਾਂ ਰੁਪਏ ਗਰੀਬਾਂ ਨੂੰ ਮਿਲਣਾ ਸੀ, ਉਹ ਸਰਕਾਰ ਨੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਇੱਕ ਵੱਡੇ ਠੇਕੇਦਾਰ ਚੰਡਕ, ਜੰਮੂ ਦੇ ਰਾਕੇਸ਼ ਚੌਧਰੀ ਨਾਲ ਮਿਲ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ ‘ਤੇ ਇਨ੍ਹਾਂ ਠੇਕੇਦਾਰਾਂ ਨੂੰ ਕਾਬੁ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨਰੇਗਾ ’ਚ ਵੀ ਕੈਪਟਨ ਸਰਕਾਰ ਨੇ ਘਪਲੇ ਕੀਤੇ ਹਨ। ਨਰੇਗਾ ਤਹਿਤ ਲੱਗ ਰਹੀਆਂ ਟਾਈਲਾਂ ਕਾਂਗਰਸੀ ਵਿਧਾਇਕਾਂ ਦੀਆਂ ਫੈਕਟਰੀਆਂ ‘ਚ ਤਿਆਰ ਹੋ ਰਹੀਆਂ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਸਿਰਫ 8 ਮਹੀਨੇ ਰਹਿ ਗਏ ਹਨ ਅਤੇ ਜਿਸ ਦਿਨ ਸਾਡੀ ਸਰਕਾਰ ਬਣੇਗੀ, ਪਹਿਲੇ ਦਿਨ ਤੋਂ ਹੀ ਨਰੇਗਾ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਬਾਅਦ ਸਾਰੇ ਹੀ ਕਾਂਗਰਸੀ ਜਿਨਾਂ ਨੇ ਘਪਲੇ ਕੀਤੇ ਹਨ, ਉਨ੍ਹਾਂ ਨੂੰ ਅੰਦਰ ਕਰ ਦਿੱਤਾ ਜਾਵੇਗਾ। 

2022 ਦੀਆਂ ਚੋਣਾਂ ਲਈ ਅਟਾਰੀ ਹਲਕੇ ਤੋਂ ਸੁਖਬੀਰ ਬਾਦਲ ਨੇ ਗੁਲਜ਼ਾਰ ਰਣੀਕੇ ਨੂੰ ਉਮੀਦਵਾਰ ਐਲਾਨਿਆ

ਸਾਰੇ ਹੀ ਗੈਂਗਸਟਰ ਕਾਂਗਰਸੀਆਂ ਨਾਲ ਰਲੇ
ਨਸ਼ੇ ਦੇ ਮੁੱਦੇ ’ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਾਬ੍ਹ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਚਾਰ ਹਫਤਿਆਂ ਵਿਚ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ ਪਰ ਨਸ਼ਾ ਘਟਣ ਦੀ ਬਜਾਏ ਵੱਧ ਗਿਆ ਹੈ ਕਿਉਂਕਿ ਨਸ਼ੇ ਨੂੰ ਕਾਂਗਰਸੀ ਵਿਧਾਇਕਾਂ ਨੇ ਆਪਣਾ ਸਾਧਨ ਬਣਾ ਲਿਆ ਹੈ। ਸਾਰੇ ਦੀ ਗੈਂਗਸਟਰ ਕਾਂਗਰਸੀਆਂ ਨਾਲ ਰਲ ਗਏ ਹਨ ਅਤੇ ਕਰੋੜਾਂ ਰੁਪਏ ਕਮਾ ਰਹੇ ਹਨ। ਸਾਰੇ ਹੀ ਗੈਂਗਸਟਰ ਸ਼ਰੇਆਮ ਨਸ਼ਾ ਵੇਚ ਰਹੇ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ’ਚ ਸਰਕਾਰ ਕਿੱਥੇ ਹੈ, ਕਦੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ ’ਚ ਆ ਕੇ ਨਹੀਂ ਬੈਠੇ ਹਨ। 

ਇਸ ਮੌਕੇ ਆਪਣੀ ਸਰਕਾਰ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਨੇ ਹਮੇਸ਼ਾ ਗਰੀਬਾਂ ਦੀ ਬਾਂਹ ਫੜੀ ਹੈ ਅਤੇ ਪੰਜਾਬ ’ਚ ਵਿਕਾਸ ਦੇ ਅਨੇਕਾਂ ਕੰਮ ਕੀਤੇ ਹਨ। ਪੈਨਸ਼ਨ ਸਕੀਮ, ਆਟਾ ਦਾਲ ਦੀ ਸਕੀਮ ਅਤੇ ਸਕਾਲਰਸ਼ਿਪ ਦੀ ਸਕੀਮ ਵੀ ਬਾਦਲ ਸਰਕਾਰ ਨੇ ਹੀ ਸ਼ੁਰੂ ਕੀਤੀ ਸੀ। ਬਾਦਲ ਸਾਬ੍ਹ 5 ਵਾਰ ਮੁੱਖ ਮੰਤਰੀ ਕਿਉਂ ਬਣੇ ਕਿਉਂਕਿ ਉਹ ਆਪਣੀ ਜ਼ੁਬਾਨ ਦੇ ਪੱਕੇ ਸਨ। 

ਇਹ ਵੀ ਪੜ੍ਹੋ :  ਦੁਬਈ 'ਚ ਨੌਜਵਾਨ ਨੂੰ ਗੋਲੀ ਮਾਰਨ ਦੇ ਮਿਲੇ ਹੁਕਮ ਤੋਂ ਦੁਖੀ ਮਾਪਿਆਂ ਨੇ ਕੇਂਦਰੀ ਮੰਤਰੀ ਨੂੰ ਕੀਤੀ ਫਰਿਆਦ

ਸੁਖਬੀਰ ਬਾਦਲ ਨੇ ਕਿਹਾ ਕਿ ਜਿੰਨੇ ਵੀ ਏਅਰਪੋਰਟ ਪੰਜਾਬ ’ਚ ਹਨ, ਉਹ ਬਾਦਲ ਸਰਕਾਰ ਦੇ ਸਮੇਂ ਦੌਰਾਨ ਹੀ ਬਣੇ ਹਨ। ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਬਾਦਲ ਸਾਬ੍ਹ ਨੇ ਬਿਆਨ ਦਿੱਤਾ ਸੀ ਕਿ ਟਿਊਬਵੈੱਲਾਂ ਦਾ ਬਿੱਲ ਮੁਆਫ਼ ਕੀਤਾ ਜਾਵੇਗਾ ਤਾਂ ਉਸ ਸਮੇਂ ਕਾਂਗਰਸ ਦਾ ਬਿਆਨ ਆਇਆ ਸੀ ਕਿ ਕਿਵੇਂ ਕਰਕੇ ਵਿਖਾਓਗੇ ਪਰ ਅਸੀਂ ਕਾਂਗਰਸ ਸਰਕਾਰ ਨੂੰ ਇਹ ਵੀ ਕਰਕੇ ਵਿਖਾਇਆ। 
ਬਾਦਲ ਸਾਬ੍ਹ ਨੇ ਐੱਮ. ਐੱਸ. ਪੀ. ਕਰਵਾਈ ਸੀ ਲਾਗੂ 
ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਪੰਜਾਬ ’ਚ ਮੰਡੀਆ ਅਤੇ ਐੱਮ. ਐੱਸ. ਪੀ. ਨਹੀਂ ਸੀ। ਉਸ ਵੇਲੇ ਕਿਸਾਨ ਇੱਧਰ-ਉਧਰ ਧੱਕੇ ਖਾਂਦੇ ਸਨ। 1966 ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਲਗਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਐੱਸ. ਐੱਸ. ਪੀ. ਨੇ ਪਹਿਲੀ ਵਾਰ ਲਾਗੂ ਕੀਤਾ। ਪਿੰਡਾਂ ’ਚ ਮੰਡੀਆਂ ਬਣਾਉਣੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਸਨ। ਪੰਜਾਬ ’ਚ 90 ਫ਼ੀਸਦੀ ਮੰਡੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈਆਂ ਗਈਆਂ ਹਨ। 

 

ਪਹਿਲੀ ਵਾਰ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤਾਂ ਟਰੈਕਟਰਾਂ ’ਤੇ ਲੱਗਣ ਵਾਲੇ ਟੈਕਸ ਮੁਆਫ਼ ਕਰਵਾਏ। ਕਾਂਗਰਸ ਦੀ ਸਰਕਾਰ ਸਾਈਕਲ ’ਤੇ ਵੀ ਟੈਕਸ ਲਗਾਉਂਦੀ ਸੀ, ਜਿਸ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਬੰਦ ਕਰਵਾਇਆ। ਬਾਦਲ ਸਾਬ੍ਹ ਦੀ ਸਰਕਾਰ ਨੇ 10 ਸਾਲਾਂ ਅੰਦਰ ਢਾਈ ਲੱਖ ਟਿਊਬਵੈੱਲ ਕੁਨੈਕਸ਼ਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਸਾਬ੍ਹ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਦੱਸਣ ਕਿ ਇਨ੍ਹਾਂ ਨੇ ਕਿੱਥੇ ਅਤੇ ਕਿਸ ਨੂੰ ਟਿਊਬਵੈੱਲ ਦੇ ਕੁਨੈਕਸ਼ਨ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨੀ ਦੀ ਲੜਾਈ ਲੜਦੀ ਆ ਰਹੀ ਹੈ। 

ਇਹ ਵੀ ਪੜ੍ਹੋ :  ਸ੍ਰੀ ਆਨੰਦਪੁਰ ਸਾਹਿਬ ਦੀ ਕੁੜੀ ਨੇ ਚਮਕਾਇਆ ਨਾਂ, ਭਾਰਤੀ ਫੌਜ ’ਚ ਬਣੀ ਲੈਫਟੀਨੈਂਟ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri