ਤਰਨਤਾਰਨ ਧਮਾਕੇ ਦੇ ਮੁਲਜ਼ਮਾਂ ਦਾ ਖੁਲਾਸਾ, ਸੁਖਬੀਰ ਨੂੰ ਉਡਾਉਣ ਦੀ ਵੀ ਬਣਾਈ ਸੀ ਯੋਜਨਾ

10/06/2019 6:35:06 PM

ਚੰਡੀਗ਼ੜ੍ਹ/ਤਰਨਤਾਰਨ : ਪੰਜਾਬ ਪੁਲਸ ਵਲੋਂ ਤਰਨਤਾਰਨ ਵਿਚ 4 ਸਤੰਬਰ ਨੂੰ ਹੋਏ ਧਮਾਕੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ।  ਜਿਹੜੇ ਮੁਲਜ਼ਮਾਂ ਦੀ ਸਾਜ਼ਿਸ਼ ਤਹਿਤ ਬੀਤੀ 4 ਸਤੰਬਰ ਨੂੰ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਧਮਾਕਾ ਹੋਇਆ ਸੀ, ਉਨ੍ਹਾਂ ਨੇ ਨਵੰਬਰ 2016 ਦੌਰਾਨ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਵੀ ਯੋਜਨਾ ਉਲੀਕੀ ਸੀ। ਇਹ ਮੁਲਜ਼ਮ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਕੋਈ ਵੱਡਾ ਬੰਬ ਧਮਾਕਾ ਕਰਨਾ ਚਾਹੁੰਦੇ ਸਨ। ਇਹ ਖ਼ੁਲਾਸਾ ਪੰਜਾਬ ਪੁਲਿਸ ਵੱਲੋਂ ਪੰਡੋਰੀ ਗੋਲਾ ਧਮਾਕੇ ਨਾਲ ਸਬੰਧਤ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਹੋਇਆ ਹੈ।
ਹਿੰਦੁਸਤਾਨ ਟਾਈਮਜ਼ 'ਚ ਛਪੀ ਖਬਰ ਅਨੁਸਾਰ ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਮਲਕੀਤ ਸਿੰਘ ਸ਼ੇਰਾ ਨੇ ਦੱਸਿਆ ਕਿ ਸੁਖਬੀਰ ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਬਿਕਰਮ ਸਿੰਘ ਪੰਜਵੜ ਨੇ ਰਚੀ ਸੀ ਜਿਸ ਨੂੰ ਬੰਬ ਬਣਾਉਣ ਦੀ ਜਾਚ ਸੀ ਅਤੇ ਉਸਨੇ ਦੋ ਬੰਬ ਬਣਾ ਲਏ ਸਨ। ਯੋਜਨਾ ਇਹ ਸੀ ਕਿ ਜਦੋਂ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜਣਗੇ ਤਾਂ ਪਹਿਲਾ ਬੰਬ ਪੰਜਵੜ ਸੁੱਟੇਗਾ ਜਿਸ ਮਗਰੋਂ ਦੂਜਾ ਬੰਬ ਮਲਕੀਤ ਸਿੰਘ ਸ਼ੇਰਾ ਨੇ ਸੁੱਟਣਾ ਸੀ ਪਰ ਸੁਖਬੀਰ ਦੀ ਭਾਰੀ  ਸੁਰੱਖਿਆ ਨੂੰ ਵੇਖਦਿਆਂ ਪੰਜਵੜ ਘਬਰਾ ਗਿਆ ਅਤੇ ਯੋਜਨਾ ਵਿਚ ਛੱਡ ਦਿੱਤੀ। 

ਮਲਕੀਤ ਸਿੰਘ ਸ਼ੇਰਾ ਨਾਂਅ ਦੇ ਇਕ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਦਹਿਸ਼ਤਗਰਦੀ ਫੈਲਾਉਣ ਦੀਆਂ ਸਾਜ਼ਿਸ਼ਾਂ ਰਚਣ ਵਾਲੀ ਇਸ ਟੋਲੀ ਦਾ ਮੁਖੀ ਬਿਕਰਮ ਸਿੰਘ ਪੰਜਵੜ ਉਰਫ਼ ਬਿੱਕਰ ਸਾਲ 2018 ਦੌਰਾਨ ਆਸਟ੍ਰੀਆ ਭੱਜ ਗਿਆ ਸੀ। ਉਹ ਦੇਸੀ ਬੰਬ ਬਣਾਉਣ ਵਿਚ ਮਾਹਿਰ ਦੱਸਿਆ ਜਾਂਦਾ ਹੈ। ਉਸ ਨੇ ਸੁਖਬੀਰ ਬਾਦਲ ਉੱਤੇ ਹਮਲਾ ਕਰਨ ਲਈ ਬੰਬ ਵੀ ਬਣਾ ਲਏ ਸਨ। ਸ਼ੇਰਾ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ 'ਬਿਕਰਮ ਅਕਸਰ ਮੈਨੂੰ ਦੱਸਦਾ ਹੁੰਦਾ ਸੀ ਕਿ ਬਾਦਲ ਪਰਿਵਾਰ ਹੀ ਬੇਅਦਬੀ ਲਈ ਜ਼ਿੰਮੇਵਾਰ ਹੈ ਤੇ ਉਸ ਨੂੰ ਖ਼ਤਮ ਕਰਨਾ ਚਾਹੀਦਾ ਹੈ। ਉਸ ਨੇ ਸੁਖਬੀਰ ਬਾਦਲ 'ਤੇ ਹਮਲਾ ਕਰਨ ਦੀ ਯੋਜਨਾ ਉਲੀਕੀ ਸੀ ਤੇ ਮੈਨੂੰ ਪੰਥਕ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਸੀ। ਸੁਖਬੀਰ ਬਾਦਲ ਨੇ ਨਵੰਬਰ 2016 'ਚ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਆਉਣਾ ਸੀ, ਉਦੋਂ ਅਸੀਂ ਉਸ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਅਸੀਂ ਤਾਂ ਮੌਕੇ ਉੱਤੇ ਜਾ ਕੇ ਅਭਿਆਸ ਵੀ ਕਰ ਲਿਆ ਸੀ।

ਮੁਲਜ਼ਮ ਸ਼ੇਰਾ ਨੇ ਮੰਨਿਆ ਕਿ ਬਿਕਰਮ ਕੋਲ ਦੋ ਬੰਬ ਸਨ ਤੇ ਇਕ ਬੰਬ ਉਸ ਨੇ ਮੈਨੂੰ ਦੇ ਦਿੱਤਾ ਸੀ। ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ 'ਤੇ ਹੀ ਸੁਖਬੀਰ ਬਾਦਲ 'ਤੇ ਧਾਵਾ ਬੋਲਣਾ ਸੀ। ਯੋਜਨਾ ਇਹ ਸੀ ਕਿ ਬਿਕਰਮ ਮੌਕਾ ਵੇਖ ਕੇ ਸੁਖਬੀਰ ਬਾਦਲ 'ਤੇ ਇਕ ਬੰਬ ਸੁੱਟੇਗਾ ਤੇ ਉਸ ਤੋਂ ਬਾਅਦ ਦੂਜਾ ਬੰਬ ਮੈਂ ਸੁੱਟਾਂਗਾ। ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਉੱਤੇ ਪੁਜ਼ੀਸ਼ਨਾਂ ਵੀ ਲੈ ਲਈਆਂ ਸਨ। ਸ਼ੇਰਾ ਨੇ ਅੱਗੇ ਦੱਸਿਆ ਕਿ ਸੁਖਬੀਰ ਬਾਦਲ ਉਸ ਦਿਨ ਬਹੁਤ ਸਖ਼ਤ ਸੁਰੱਖਿਆ ਚੌਕਸੀ ਨਾਲ ਪੁੱਜਾ। ਬਿਕਰਮ ਇਹ ਸਭ ਵੇਖ ਕੇ ਡਰ ਗਿਆ ਤੇ ਬੰਬ ਨਾ ਸੁੱਟ ਸਕਿਆ। ਬਾਅਦ 'ਚ ਉਹ ਬੰਬ ਉਸ ਸਟੀਲ ਦੇ ਇਕ ਕਵਰ ਵਿਚ ਆਪਣੇ ਕੋਲ ਰੱਖ ਲਿਆ ਸੀ। 

Gurminder Singh

This news is Content Editor Gurminder Singh