ਸੁਖਬੀਰ ਬਾਦਲ ਦੇ ਪੰਜਾਬ ''ਚੋਂ ''ਆਊਟ'' ਹੋਣ ਦੀ ਚਰਚਾ!

07/20/2019 12:32:50 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਸ ਦਿਨ ਦੇ ਫਿਰੋਜ਼ਪੁਰ ਤੋਂ ਐੱਮ. ਪੀ. ਬਣੇ ਹਨ, ਉਨ੍ਹਾਂ ਦਾ ਸਾਰਾ ਧਿਆਨ ਕੇਂਦਰ ਵਿਚਲੀ ਦਿੱਲੀ ਸਰਕਾਰ 'ਤੇ ਜਾ ਟਿਕਿਆ ਹੈ ਕਿਉਂਕਿ ਐੱਮ. ਪੀ. ਬਣਨ ਤੋਂ ਬਾਅਦ ਜ਼ਿਆਦਾਤਰ ਸਮਾਂ ਦਿੱਲੀ ਰਹਿਣਾ, ਮੀਟਿੰਗਾਂ ਦੇ ਦੌਰ, ਕਈ-ਕਈ ਕਮੇਟੀਆਂ ਦੇ ਮੈਂਬਰ ਹੋਣਾ, ਦਿੱਲੀ ਤੋਂ ਬਾਹਰ ਨਿਕਲਣਾ ਕਿਸੇ ਸੀਨੀਅਰ ਐੱਮ. ਪੀ. ਲਈ ਸੁਖਾਲਾ ਨਹੀਂ ਹੁੰਦਾ।

ਇਸੇ ਤਰ੍ਹਾਂ ਦੇ ਹਾਲਾਤ ਸੁਖਬੀਰ ਸਿੰਘ ਬਾਦਲ ਦੇ ਦਿਖਾਈ ਦੇ ਰਹੇ ਹਨ। ਭਾਵੇਂ ਉਹ ਗਾਹੇ-ਬਗਾਹੇ ਚੰਡੀਗੜ੍ਹ 'ਚ ਆਪਣੀਆਂ ਮੀਟਿੰਗਾਂ ਕਰ ਦਿੰਦੇ ਹਨ ਪਰ ਜੋ ਉਨ੍ਹਾਂ ਦਾ ਪੰਜਾਬ ਵਿਚ ਇਕ ਬਤੌਰ ਜਲਾਲਾਬਾਦ ਤੋਂ ਐੱਮ. ਐੱਲ. ਏ., ਸਾਬਕਾ ਡਿਪਟੀ ਚੀਫ ਮਨਿਸਟਰ, ਆਪੋਜ਼ੀਸ਼ਨ ਦਾ ਰੋਲ ਅਤੇ ਗਤੀਵਿਧੀਆਂ ਸਨ, ਉਹ ਹੁਣ ਲਗਭਗ ਠੱਪ ਹੀ ਦਿਖਾਈ ਦੇ ਰਹੀਆਂ ਹਨ ਕਿਉਂਕਿ ਤਾਜ਼ੇ ਹਾਲਾਤ ਪੰਜਾਬ 'ਚ ਹੜ੍ਹ ਵਰਗੇ ਹਨ। ਸੰਗਰੂਰ, ਬਠਿੰਡਾ ਅਤੇ ਹੋਰਨਾਂ ਸਰਹੱਦੀ ਸ਼ਹਿਰਾਂ ਦੀ ਹਾਲਤ ਬਦ ਤੋਂ ਬਦਤਰ ਹੈ। ਸਰਕਾਰ ਨੇ ਤਾਂ ਆਪਣਾ ਫਰਜ਼ ਕਿਸਾਨਾਂ ਦੀਆਂ ਫਸਲਾਂ ਦੀ ਤਬਾਹੀ ਦੀ ਗਿਰਦਾਵਰੀ ਦੇ ਹੁਕਮ ਦੇ ਕੇ ਪੂਰੇ ਕਰ ਦਿੱਤੇ ਹਨ ਪਰ ਵਿਰੋਧੀ ਧਿਰ, ਜਿਸ ਨੇ ਸਰਕਾਰ ਦੀ ਮੰਜੀ ਠੋਕਣੀ ਹੁੰਦੀ ਹੈ, ਉਹ ਨਹੀਂ ਅਕਾਲੀ ਦਲ ਵਲੋਂ ਠੋਕੀ ਜਾ ਰਹੀ। ਇਸ ਦੀ ਚਰਚਾ ਕੋਈ ਹੋਰ ਨਹੀਂ, ਸਗੋਂ ਅਕਾਲੀ ਹੀ ਕਰ ਰਹੇ ਹਨ।
ਇਕ ਪੁਰਾਣੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸੁਖਬੀਰ ਸਿੰਘ ਬਾਦਲ ਦੇ ਦਿੱਲੀ ਦੇ ਰੁਝੇਵਿਆਂ ਸਬੰਧੀ ਕਿਹਾ ਕਿ ਸੁਖਬੀਰ ਨੂੰ ਆਪਣੇ ਪਿਤਾ ਸ. ਬਾਦਲ ਦੀ ਉਸ ਸਿਆਸਤ ਨੂੰ ਸਮਝਣਾ ਚਾਹੀਦਾ ਹੈ, ਜਦੋਂ ਉਹ 1977 ਵਿਚ ਫਰੀਦਕੋਟ ਤੋਂ ਐੱਮ. ਪੀ. ਬਣੇ ਸਨ ਅਤੇ ਮੋਰਾਰਜੀ ਦੇਸਾਈ ਸਰਕਾਰ ਵਿਚ ਖੇਤੀਬਾੜੀ ਮੰਤਰੀ ਬਣੇ ਸਨ ਪਰ ਉਨ੍ਹਾਂ ਦਾ ਸਾਰਾ ਧਿਆਨ ਪੰਜਾਬ ਵੱਲ ਸੀ ਕਿ ਕਿਧਰੇ ਪੰਜਾਬ ਹੱਥੋਂ ਨਾ ਨਿਕਲ ਜਾਵੇ, ਜਿਸ ਕਾਰਣ ਉਹ ਆਪਣਾ ਅਹੁਦਾ ਛੱਡ ਕੇ ਵਾਪਸ ਪੰਜਾਬ ਆ ਗਏ ਸਨ ਅਤੇ ਬਾਅਦ ਵਿਚ ਤਿੰਨ ਵਾਰ ਮੁੱਖ ਮੰਤਰੀ ਬਣੇ। ਇਸ ਲਈ ਸੁਖਬੀਰ ਨੂੰ ਵੀ ਸਲਾਹ ਹੈ ਕਿ ਉਹ ਜੇਕਰ ਪੰਜਾਬ ਦੇ ਭਵਿੱਖ 'ਚ ਕੋਈ ਆਗੂ ਬਣਨਾ ਚਾਹੁੰਦੇ ਹਨ ਤਾਂ ਪੰਜਾਬ ਦੀ ਸਰਗਰਮ ਸਿਆਸਤ ਵਿਚ ਕੁੱਦਣ, ਨਾ ਕਿ ਦਿੱਲੀ ਡੇਰੇ ਲਾਉਣ ਕਿਉਂਕਿ ਅਕਾਲੀ ਦਲ ਦੇ ਹਾਲਾਤ ਪਹਿਲਾਂ ਹੀ ਬਦ ਤੋਂ ਬਦਤਰ ਹਨ, ਦੂਜਾ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਪਿੱਛਾ ਨਹੀਂ ਛੱਡ ਰਿਹਾ।

Babita

This news is Content Editor Babita