ਜਾਖੜ ਨੂੰ ਆਪਣਾ ਸੀ. ਐੱਮ. ਦੱਸਣ ''ਤੇ ਸੁਖਬੀਰ ਦਾ ਕੈਪਟਨ ''ਤੇ ਹਮਲਾ

05/16/2019 1:38:22 PM

ਚੰਡੀਗੜ੍ਹ (ਜ.ਬ.) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੇਸ਼ੀਨਗੋਈ ਕੀਤੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹਿਣਗੇ।“ਕੈਪਟਨ ਸਾਹਿਬ ਦੀ ਸਿਆਸੀ ਖੇਡ ਦਾ ਭੋਗ ਪੈ ਚੁੱਕਾ ਹੈ ਅਤੇ ਉਸ ਨੂੰ ਖੁਦ ਕਾਂਗਰਸ ਦੀ ਨਮੋਸ਼ੀ ਭਰੀ ਹਾਰ ਦੀਵਾਰ ਉਤੇ ਲਿਖੀ ਨਜ਼ਰ ਆ ਰਹੀ ਹੈ। ਇਸੇ ਲਈ ਉਹ ਹੁਣੇ ਤੋਂ ਹੀ ਅਪਣੇ ਪਸੰਦ ਦੇ ਉਤਰਾਧਿਕਾਰੀ ਦੀ ਚੋਣ ਕਰਨ ਲਈ ਹੱਥ ਪੱਲੇ ਮਾਰ ਰਹੇ ਹਨ। ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਪਟਿਆਲਾ, ਬਠਿੰਡਾ ਅਤੇ ਫਿਰੋਜ਼ਪੁਰ ਹਲਕਿਆਂ ਦੇ ਅਕਾਲੀ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਇਸ ਦੇ ਬਾਵਜੂਦ ਕੈਪਟਨ ਆਪਣੀਆਂ ਆਖਰੀ ਸ਼ਤਰੰਜੀ ਚਾਲਾਂ ਖੇਡ ਰਿਹਾ ਹੈ। 

ਉਨ੍ਹਾਂ ਵੱਲੋਂ ਸੁਨੀਲ ਜਾਖੜ ਨੂੰ ਸੀ. ਐੱਮ ਦੱਸਣ ਪਿੱਛੇ ਅਸਲ ਕਾਰਣ ਜਾਖੜ ਨੂੰ ਇਸ ਖੇਡ ਤੋਂ ਬਾਹਰ ਕਰਨਾ ਹੈ ਕਿਉਂਕਿ ਇਸ ਬਿਆਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵਰਗੇ ਪੁਰਾਣੇ ਕਾਂਗਰਸੀ ਜਾਖੜ ਨੂੰ ਜਿੱਤਣ ਨਹੀਂ ਦੇਣ ਲੱਗੇ। ਉਨ੍ਹਾਂ ਅਮਰਿੰਦਰ ਨੂੰ ਲਲਕਾਰਿਆ ਕਿ ਉਹ ਇਨ੍ਹਾਂ ਚੋਣਾਂ ਵਿਚ ਆਪਣੀ ਅਤੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਚੋਣ ਮੁੱਦਾ ਬਣਾਉਣ ਦੀ ਜੁਰਅੱਤ ਕਰਕੇ ਵਿਖਾਉਣ। ਮੈਂ ਜਾਣਦਾ ਹਾਂ ਕਿ ਕੈਪਟਨ ਕਦੇ ਵੀ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਜ਼ਮੀਨੀ ਹਕੀਕਤਾਂ ਦਾ ਪੂਰਾ ਗਿਆਨ ਹੈ। ਇਸੇ ਲਈ ਉਹ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕਦੇ ਇਧਰ ਦੀਆਂ ਅਤੇ ਕਦੇ ਉਧਰ ਦੀਆਂ ਊਲ ਜ਼ਲੂਲ ਗੱਲਾਂ ਕਰਦਾ ਰਹਿੰਦਾ ਹੈ ਪਰ ਸੱਚ ਇਹ ਹੈ ਕਿ ਉਸ ਨੂੰ ਵੀ ਪਤਾ ਲਗ ਚੁੱਕਾ ਹੈ ਕਿ ਉਸ ਦੀ ਖੇਡ ਖਤਮ ਹੋ ਚੁੱਕੀ ਹੈ।

ਉਸ ਨੂੰ ਪਤਾ ਹੈ ਕਿ ਉਸ ਦਾ ਕਿਸੇ ਨੂੰ ਵੀ ਮਿਲਣ ਤੋਂ ਗੁਰੇਜ਼ ਕਰਨ, ਉਸ ਦੀਆਂ ਅਸਫਲਤਾਵਾਂ ਅਤੇ ਉਸ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਝੂਠੀ ਸਹੁੰ ਖਾਣ ਤੋਂ ਬਾਅਦ ਹੁਣ ਉਹ ਲੋਕਾਂ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਿਹਾ। ਉਸ ਦੀਆਂ ਇਨ੍ਹਾਂ ਹਰਕਤਾਂ ਕਰਕੇ ਹੀ ਕਾਂਗਰਸ ਪੰਜਾਬ ਵਿਚ ਇਨ੍ਹਾਂ ਚੋਣਾਂ ਵਿਚ ਮੂਧੇ ਮੂੰਹ ਡਿੱਗਣ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਅਮਰਿੰਦਰ ਨੇ ਪੰਜਾਬੀਆਂ ਦੇ ਹਰ ਵਰਗ ਨਾਲ ਦਗਾ ਕਮਾਇਆ ਹੈ ਅਤੇ ਉਹ ਵੀ ਗੁਰੂ ਮਹਾਰਾਜ ਦੀ ਝੂਠੀ ਸਹੁੰ ਖਾ ਕੇ। ਇਸੇ ਲਈ ਉਹ ਇਨ੍ਹਾਂ ਚੋਣਾਂ ਦੌਰਾਨ ਆਪਣੀ ਸਰਕਾਰ ਉਤੇ ਫਤਵੇ ਦੀ ਗੱਲ ਸੁਣ ਕੇ ਹੀ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਤਰਲੋਮੱਛੀ ਹੋ ਰਿਹਾ ਹੈ ਪਰ ਲੋਕ ਉਸ ਨੂੰ ਹਰ ਪਾਸਿਓਂ ਘੇਰ ਕੇ ਸਵਾਲ ਕਰ ਰਹੇ ਹਨ। ਇਸ ਵਕਤ ਹਾਲਾਤ ਇਹ ਹਨ ਕਿ ਕੈਪਟਨ ਨੂੰ ਮੂੰਹ ਛੁਪਾਉਣਾ ਔਖਾ ਹੋ ਰਿਹਾ ਹੈ ਪਰ ਉਸ ਨੂੰ ਜਨਤਾ ਦੇ ਰੋਹ ਦਾ ਸਾਹਮਣਾ ਕਰਨਾ ਹੀ ਪਵੇਗਾ ਭਾਵੇਂ ਕਿ ਇਹ ਕਾਂਗਰਸ ਦੀ ਲੱਕਤੋੜਵੀਂ ਹਾਰ ਦੇ ਰੂਪ ਵਿਚ ਹੀ ਕਿਉਂ ਨਾ ਹੋਵੇ।

Anuradha

This news is Content Editor Anuradha