ਕੈਪਟਨ ਪੰਜਾਬ ਦਾ ਪਹਿਲਾ ਅਜਿਹਾ ਮੁੱਖ ਮੰਤਰੀ ਜੋ ਲੋਕਾਂ 'ਚ ਆਉਣ ਤੋਂ ਕਤਰਾਉਂਦੈ : ਸੁਖਬੀਰ ਬਾਦਲ

03/31/2019 6:45:48 PM

ਨੂਰਪੁਰਬੇਦੀ (ਭੰਡਾਰੀ, ਕੁਲਦੀਪ, ਅਵਿਨਾਸ਼)— ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਪਹਿਲਾ ਅਜਿਹਾ ਮੁੱਖ ਮੰਤਰੀ ਹੈ ਜੋ ਲੋਕਾਂ 'ਚ ਆਉਣ ਤੋਂ ਕਤਰਾਉਂਦਾ ਹੈ। ਉਕਤ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਨੂਰਪੁਰਬੇਦੀ ਵਿਖੇ ਲੋਕ ਸਭਾ ਚੋਣਾਂ ਸਬੰਧੀ ਅਕਾਲੀ-ਭਾਜਪਾ ਗਠਜੋੜ ਵੱਲੋਂ ਕੀਤੀ ਗਈ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਵਿਧਾਨ ਸਭਾ ਚੋਣਾਂ ਮੌਕੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀ ਕਿ ਪੰਜਾਬ 'ਚ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੈਪਟਨ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਵੱਡੇ ਪੱਧਰ 'ਤੇ ਸੂਬੇ ਦਾ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਵੱਲੋਂ ਇਸ ਕਰਕੇ ਝੂਠੀ ਸਹੁੰ ਖਾਧੀ ਗਈ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਨਾ ਬਣ ਜਾਣ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਮੁੱਖ ਮੰਤਰੀ ਕੈਪਟਨ ਆਪਣੇ ਵਾਅਦਿਆਂ 'ਤੇ ਖਰਾ ਉੱਤਰੇ ਅਤੇ ਨਾ ਹੀ ਲੋਕਾਂ 'ਚ ਵਿਚਰੇ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਪਿਛਲੇ 2 ਮਹੀਨਿਆਂ ਦੌਰਾਨ 108 ਹਲਕਿਆਂ 'ਚ ਜਾ ਕੇ ਲੋਕਾਂ ਅਤੇ ਵਰਕਰਾਂ ਨਾਲ ਸੰਪਰਕ ਸਾਧਿਆ ਹੈ ਜਦਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅੱਜ ਤੱਕ ਲੋਕਾਂ 'ਚ ਨਹੀਂ ਵਿਚਰੇ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਕੈਪਟਨ ਨੇ ਸੱਤਾ 'ਚ ਆਉਣ ਤੋਂ ਇਕ ਹਫਤੇ ਬਾਅਦ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਅਗਲੀ ਚੋਣ ਨਹੀਂ ਲੜਣਗੇ, ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਵਾਅਦੇ ਝੂਠ ਦੇ ਪੁਲੰਦੇ ਹਨ ਜੋ ਕਦੇ ਵੀ ਪੂਰੇ ਨਹੀਂ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਬੀਤੇ 2 ਸਾਲਾਂ ਦੀ ਬਜ਼ੁਰਗਾਂ ਦੀ ਕਰੀਬ 1500 ਕਰੋੜ ਰੁਪਏ ਦੀ ਰਾਸ਼ੀ, 200 ਕਰੋੜ ਰੁਪਏ ਦੀ ਸ਼ਗਨ ਰਾਸ਼ੀ, ਐੱਸ. ਸੀ. ਅਤੇ ਬੀ. ਸੀ. ਦੇ ਵਿਦਿਆਰਥੀਆਂ ਦੀ 750 ਕਰੋੜ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਦਾ ਜਿੱਥੇ ਭੁਗਤਾਨ ਨਹੀਂ ਕੀਤਾ ਗਿਆ, ਉੱਥੇ ਹੀ ਕਈ ਥਰਮਲ ਪਲਾਂਟ, ਸੇਵਾ ਕੇਂਦਰ ਅਤੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਤੋਂ ਇਲਾਵਾ ਅਧਿਆਪਕਾਂ ਦੀ ਤਨਖਾਹ ਵੀ 40 ਹਜ਼ਾਰ ਤੋਂ ਘਟਾ ਕੇ 15 ਹਜ਼ਾਰ ਕਰਨ ਵਰਗੇ ਗਲਤ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਹੋਰ ਪਾਰਟੀ ਨੂੰ ਨਹੀਂ ਜਦਕਿ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਹੋਣ ਦਾ ਮਾਣ ਹਾਸਲ ਹੈ।

ਇਸ ਮੌਕੇ ਜ਼ਿਲਾ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਪਰਮਿੰਦਰ ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਰਾਣਾ ਸ਼ਮਸ਼ੇਰ ਸਿੰਘ, ਰਾਮ ਕੁਮਾਰ ਮਣਕੂ, ਪਰਮਜੀਤ ਮੱਕੜ, ਭਾਗ ਸਿੰਘ ਭੱਠਲ, ਬਾਦਲ ਸਿੰਘ ਬਸੀ, ਤਿਲਕ ਰਾਜ ਪਚਰੰਡਾ, ਦਿਲਬਾਰਾ ਸਿੰਘ ਬਾਲਾ, ਦਿਲਬਾਗ ਸਿੰਘ, ਬੀਬੀ ਕੁਲਵਿੰਦਰ ਕੌਰ, ਜੀਵਨ ਕੁਮਾਰ ਸੰਜੂ, ਹਰਭਾਗ ਸਿੰਘ ਦੇਸੂਮਾਜਰਾ, ਪਲਵਿੰਦਰ ਕੌਰ, ਸੁਖਵਿੰਦਰ ਸਿੰਘ ਛੰਮੀ, ਭਜਨ ਲਾਲ ਕਾਂਗੜ, ਕਰਨੈਲ ਸਿੰਘ ਆਜ਼ਮਪੁਰ, ਮੋਹਣ ਸਿੰਘ ਡੂਮੇਵਾਲ, ਸਤਨਾਮ ਸਿੰਘ ਝੱਜ ਸਹਿਤ ਭਾਰੀ ਸੰਖਿਆ 'ਚ ਅਕਾਲੀ ਤੇ ਭਾਜਪਾ ਵਰਕਰ ਹਾਜ਼ਰ ਸਨ।

shivani attri

This news is Content Editor shivani attri