ਅਕਾਲੀ ਦਲ ਮੇਰੀ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਜਾਇਦਾਦ ਨਹੀਂ: ਸੁਖਬੀਰ ਸਿੰਘ ਬਾਦਲ

01/24/2019 6:43:10 PM

ਅੰਮ੍ਰਿਤਸਰ— ਸ਼੍ਰੋਮਣੀ ਅਕਾਲੀ ਦਲ ਕਿਸੇ ਸੁਖਬੀਰ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਜਾਇਦਾਦ ਨਹੀਂ ਹੈ। ਇਹ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਦਾ। ਹਲਕਾ ਦੱਖਣੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਰਕਰਾਂ  ਦੇ ਮਿਲਣੀ ਸਮਾਗਮ 'ਚ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸਿੱਖ ਕੌਮ ਨੂੰ ਕਿਸੇ ਨੇ ਸੰਭਾਲ ਕੇ ਰੱਖਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਸੰਭਾਲ ਕੇ ਰੱਖਿਆ ਹੈ। ਸ਼੍ਰੋਮਣੀ ਅਕਾਲੀ ਦਲ ਜਨਤਾ ਦੀ ਮਾਂ-ਪਾਰਟੀ ਹੈ। ਇਹ ਕਿਸੇ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਜਾਇਦਾਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਾਇਦਾਦ ਹੈ। ਸ਼੍ਰੋਮਣੀ ਅਕਾਲੀ ਦਲ 98 ਸਾਲ ਪੁਰਾਣੀ ਪਾਰਟੀ ਹੈ। ਹਿੰਦੂਸਤਾਨ ਦੇ ਇਤਿਹਾਸ 'ਚ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਹੈ ਅਤੇ ਦੇਸ਼ ਦੀ ਆਜ਼ਾਦੀ 'ਚ ਵੀ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਨੇ ਕੁਰਬਾਨੀਆਂ ਦਿੱਤੀਆਂ ਹਨ।  

ਇਸ ਦੇ ਨਾਲ ਹੀ ਕਾਂਗਰਸ ਸਰਕਾਰ 'ਤੇ ਤੰਜ ਕੱਸਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖਜਾਨਾ ਖਾਲੀ ਤਾਂ ਸਿਰਫ ਕਾਂਗਰਸ ਸਰਕਾਰ ਦਾ ਡਰਾਮਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਖਜਾਨਾ ਨਹੀਂ ਸਗੋਂ ਕੈਪਟਨ ਦੀ ਨੀਅਤ ਖਾਲੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਖਜਾਨਾ ਖਾਲੀ ਉਦੋਂ ਹੋ ਸਕਦਾ ਹੈ ਜੇ ਪੰਜਾਬ ਸਰਕਾਰ ਬਿਜਲੀ ਮੁਫਤ ਕਰਕੇ ਆਪਣੇ ਖਰਚੇ 'ਚੋਂ ਬਿਜਲੀ ਦੇ ਪੈਸੇ ਦੇਵੇ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਕਦੇ ਨਹੀਂ ਕਿਹਾ ਸੀ ਕਿ ਖਜਾਨਾ ਖਾਲੀ ਹੈ। ਇਸ ਸਰਕਾਰ ਨੇ ਦੇਣਾ ਤਾਂ ਕੀ ਸੀ ਜੋ ਪਹਿਲਾਂ ਤੋਂ ਯੋਜਨਾਵਾਂ ਚੱਲ ਰਹੀਆਂ ਸਨ, ਉਹ ਵੀ ਬੰਦ ਕਰ ਦਿੱਤੀਆਂ। ਸਰਕਾਰ ਨੇ ਪੰਜਾਬ 'ਚ ਸਭ ਕੁਝ ਤਬਾਹ ਕਰ ਦਿੱਤਾ ਹੈ। 

'ਗੁਰੂ ਦੀ ਨਗਰੀ' ਅੰਮ੍ਰਿਤਸਰ ਨੂੰ ਖੂਬਸੂਰਤ ਬਣਾਉਣ ਸਬੰਧੀ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਗੁਰੂ ਦੀ ਨਗਰੀ ਨੂੰ ਇੰਨਾ ਖੂਬਸੂਰਤ ਬਣਾ ਦੇਣਾ ਸੀ ਕਿ ਲੋਕਾਂ ਨੇ ਪਛਾਣ ਨਹੀਂ ਸੀ ਸਕਣਾ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਦਾ ਖਜਾਨਾ ਖਾਲੀ ਨਹੀਂ ਹੁੰਦਾ। ਆਪਣਾ ਮਿਸ਼ਨ ਦੱਸਦੇ ਹੋਏ ਸੁਖਬੀਰ ਨੇ ਕਿਹਾ ਕਿ ਮੇਰਾ ਮਿਸ਼ਨ ਸਿਰਫ 'ਗੁਰੂ ਦੀ ਨਗਰੀ' ਨੂੰ ਸਭ ਤੋਂ ਖੂਬਸੂਰਤ ਬਣਾਉਣਾ ਹੈ। ਕੈਪਟਨ ਸਾਬ੍ਹ ਮੁੱਖ ਮੰਤਰੀ ਬਣਨ ਤੋਂ ਬਾਅਦ ਕਈ ਮਹੀਨਿਆਂ ਤੱਕ ਤਾਂ ਉਹ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ 'ਚ ਮੱਥਾ ਟੇਕਣ ਨਹੀਂ ਆਏ। ਸਾਡੇ ਵੱਲੋਂ ਰੌਲਾ ਪਾਉਣ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਦਰਬਾਰ ਸਾਹਿਬ ਮੱਥਾ ਟੇਕਣ ਆਏ। ਵਿਧਾਇਕ ਦੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਲਗਾਤਾਰ ਚੋਣਾਂ ਲੜਕੇ ਜਿੱਤਦੇ ਰਹੇ ਹਨ ਪਰ ਇਕ ਵਾਰ ਉਹ ਲੋਕਾਂ ਦਾ ਧੰਨਵਾਦ ਕਰਨ ਲਈ ਪਟਿਆਲਾ ਵਿਖੇ ਨਹੀਂ ਗਏ ਹਨ ਅਤੇ ਨਾ ਹੀ ਕਿਸੇ ਦੀਆਂ ਮੁਸ਼ਕਿਲਾਂ ਨੂੰ ਸਮਝਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਸਾਬ੍ਹ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਨਹੀਂ ਹੈ, ਜਿੱਥੇ ਬਾਦਲ ਸਾਬ੍ਹ ਆਪ ਨਾ ਗਏ ਹੋਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨਾ ਸੁਣੀਆਂ ਹੋਣ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿੱਖ ਕੌਮ ਨੂੰ ਕਿਸੇ ਨੇ ਸੰਭਾਲ ਕੇ ਰੱਖਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਸੰਭਾਲ ਕੇ ਰੱਖਿਆ ਹੈ। ਦੇਸ਼ ਦੀ ਆਜ਼ਾਦੀ 'ਚ ਵੀ ਸਭ ਤੋਂ ਵੱਧ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਹਨ।

shivani attri

This news is Content Editor shivani attri