ਜਾਖੜ ਬਣਨਾ ਚਾਹੁੰਦਾ ਹੈ ਮੁੱਖ ਮੰਤਰੀ: ਸੁਖਬੀਰ ਬਾਦਲ

01/15/2019 2:44:00 PM

ਚੰਡੀਗੜ੍ਹ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਫਿਰੋਜ਼ਪੁਰ ਦੇ ਪੀੜਤ ਪਰਿਵਾਰਾਂ ਨਾਲ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁਨੀਲ ਜਾਖੜ ਵੱਲੋਂ ਫਿਰੋਜ਼ਪੁਰ 'ਚ ਲੋਕਾਂ 'ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ। ਜਾਖੜ 'ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁਨੀਲ ਜਾਖੜ ਅਬੋਹਰ ਤੋਂ ਚੋਣ ਹਾਰਨ ਕਰਕੇ ਬੌਖਲਾ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੁਨੀਲ ਜਾਖੜ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਫਿਰੋਜ਼ਪੁਰ ਜ਼ਿਲੇ 'ਚ ਕੋਈ ਹੀ ਕਾਨੂੰਨ ਨਹੀਂ ਹੈ, ਲਗਭਗ ਅਬੋਹਰ 'ਚ ਕਤਲ ਸਮੇਤ 300 ਦੇ ਕਰੀਬ ਲੋਕਾਂ 'ਤੇ ਝੂਠੇ ਪਰਚੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਸੂਬਾ ਕਾਂਗਰਸ ਪ੍ਰਧਾਨ ਵੱਲੋਂ ਕੀਤੀਆਂ ਸਾਰੀਆਂ ਧੱਕੇਸ਼ਾਹੀਆਂ ਦੀ ਸੀ. ਬੀ. ਆਈ. ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। 

ਪੀੜਤਾਂ ਨੇ ਇਥੇ ਮੀਡੀਆ ਦੇ ਮੁਖਾਤਿਬ ਹੁੰਦੇ ਦੱਸਿਆ ਕਿ ਉਨ੍ਹਾਂ ਖਿਲਾਫ ਸਿਰਫ ਇਸ ਲਈ ਵਾਰ-ਵਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਕਿਉਂਕਿ ਉਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਬੋਹਰ ਹਲਕੇ ਤੋਂ ਭਾਜਪਾ ਉਮੀਦਵਾਰ ਦੀ ਹਮਾਇਤ ਕੀਤੀ ਸੀ। ਜਾਖੜ ਅਬੋਹਰ ਸੀਟ ਤੋਂ ਚੋਣ ਲੜੇ ਅਤੇ ਹਾਰ ਗਏ ਸਨ। ਕਾਰੋਬਾਰੀ ਮਹਿੰਦਰ ਬਾਠਲਾ ਦੇ ਪਰਿਵਾਰ ਵਿਚੋਂ ਜਵਾਨ ਲੜਕੀਆਂ ਨੇ ਮੀਡੀਆ ਨੂੰ ਦੱਸਿਆ ਕਿ  ਉਨ੍ਹਾਂ ਖਿਲਾਫ ਨਾ ਸਿਰਫ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਸਗੋਂ ਕਾਂਗਰਸੀਆਂ ਨੇ ਉਨ੍ਹਾਂ ਦੀ ਜ਼ਮੀਨ 'ਤੇ ਵੀ ਕਬਜ਼ਾ ਕਰ ਲਿਆ ਹੈ।  ਬਾਠਲਾ ਦੀ ਬੇਟੀ ਡਾ. ਸਲੋਨੀ ਨੇ ਦੱਸਿਆ ਕਿ ਹੁਣ ਸਥਿਤੀ ਇੰਨੀ ਭਿਆਨਕ ਹੋ ਚੁੱਕੀ ਹੈ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਪੰਜਾਬ ਤੋਂ ਬਾਹਰ ਜਾਣ ਬਾਰੇ ਸੋਚ ਰਿਹਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਇਕ ਸਟੇਅ ਆਰਡਰ ਨੂੰ ਜਮ੍ਹਾ ਕਰਵਾਉਣ ਦੇ ਝੂਠੇ ਬਹਾਨੇ ਨਾਲ ਸੱਦ ਕੇ ਗ੍ਰਿਫਤਾਰ ਕਰ ਲਿਆ ਗਿਆ। 

ਬਾਕੀ ਪੀੜਤਾਂ ਵਿਚ ਸ਼ਾਮਲ ਸੁਰੇਸ਼ ਸਚਦੇਵਾ ਦੇ ਪਰਿਵਾਰ ਨੇ ਦੱਸਿਆ ਕਿ ਭਾਜਪਾ ਉਮੀਦਵਾਰ ਦਾ ਸਮਰਥਨ ਕਰਨ ਵਾਸਤੇ ਸਚਦੇਵਾ ਨੂੰ ਜ਼ਲੀਲ ਕਰਨ ਲਈ ਹੱਥਕੜੀਆਂ ਲਾ ਕੇ 2 ਘੰਟੇ ਬਾਜ਼ਾਰ ਵਿਚ ਘੁਮਾਇਆ ਗਿਆ। ਸਚਦੇਵਾ ਦੇ ਸਪੁੱਤਰ ਅਮਿਤ ਨੇ ਦੱਸਿਆ ਕਿ ਹੁਣ ਵੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਉਨ੍ਹਾਂ ਨੇ ਝੂਠੇ ਪਰਚਿਆਂ ਤੋਂ ਰਾਹਤ ਲੈਣ ਵਾਸਤੇ ਹਾਈਕੋਰਟ 'ਚ ਪਾਏ ਮੁਕੱਦਮੇ ਵਾਪਸ ਨਾ ਲਏ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਜਾਖੜ ਇੰਨੇ ਜ਼ਿਆਦਾ ਅੱਤਿਆਚਾਰ ਕਰ ਰਿਹਾ ਹੈ ਕਿ ਲੋਹੜੀ ਵਾਲੇ ਦਿਨ ਵੀ ਪੁਲਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਅਤੇ ਤਿਉਹਾਰ ਦਾ ਸਾਰਾ ਸਾਮਾਨ ਖਰਾਬ  ਕਰ ਦਿੱਤਾ। ਇਕ ਹੋਰ ਪੀੜਤ ਸੁਨੀਲ ਗੋਇਲ, ਜੋ ਕਿ ਅਬੋਹਰ ਤੋਂ ਕੌਂਸਲਰ ਹੈ, ਨੇ ਦੱਸਿਆ ਕਿ ਜਾਖੜ ਦੇ ਇਸ਼ਾਰੇ 'ਤੇ ਉਸ ਖਿਲਾਫ ਦਰਜ ਕੀਤੇ ਇਕ ਝੂਠੇ ਪਰਚੇ ਕਰਕੇ ਉਸ ਨੂੰ ਪੰਜ ਮਹੀਨੇ ਜੇਲ ਵਿਚ ਗੁਜ਼ਾਰਨੇ ਪਏ। 

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਇਸ ਮਾਮਲੇ 'ਚ ਹਾਈਕੋਰਟ ਜਾਵੇਗੀ ਅਤੇ ਜਾਖੜ ਖਿਲਾਫ ਜਾਂਚ ਦੀ ਮੰਗ ਕਰੇਗੀ।  ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਖਿਲਾਫ ਵੀ ਸੀ. ਬੀ. ਆਈ. ਜਾਂਚ ਦਾ ਹੁਕਮ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ, ਡਾ. ਦਲਜੀਤ ਸਿੰਘ ਚੀਮਾ ਅਤੇ ਅਬੋਹਰ ਤੋਂ ਵਿਧਾਇਕ ਅਸ਼ਵਨੀ ਗਰਗ ਵੀ ਹਾਜ਼ਰ ਸਨ।

shivani attri

This news is Content Editor shivani attri