ਪਾਰਟੀ ਦੀ ਪਿੱਠ ''ਚ ਛੁਰਾ ਮਾਰਨ ਵਾਲੇ ਟਕਸਾਲੀ ਨਹੀਂ, ਜਾਅਲੀ ਅਕਾਲੀ : ਸੁਖਬੀਰ ਬਾਦਲ

01/30/2020 10:18:21 PM

ਫਰੀਦਕੋਟ,(ਹਾਲੀ)-ਸ਼੍ਰੋਮਣੀ ਅਕਾਲੀ ਦਲ 'ਚੋਂ ਛੱਡ ਕੇ ਜਾ ਰਹੇ ਆਗੂਆਂ ਨੂੰ ਟਕਸਾਲੀ ਅਕਾਲੀ ਕਹਿਣਾ ਗਲਤ ਹੈ, ਅਸਲ ਵਿਚ ਉਹ ਜਾਅਲੀ ਅਕਾਲੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਸ਼ੁਰੂ ਕੀਤੇ ਜ਼ਿਲਾ ਪੱਧਰੀ ਰੋਸ ਧਰਨਿਆਂ ਦੀ ਲੜੀ ਤਹਿਤ ਇਥੇ ਚੌਥੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਪੰਡਾਲ ਵਿਚ ਠਾਠਾਂ ਮਾਰਦੇ ਲੋਕਾਂ ਦੇ ਇਕੱਠ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਸਲ ਟਕਸਾਲੀ ਇਹ ਹਨ, ਜੋ ਬਿਨ੍ਹਾਂ ਕਿਸੇ ਲਾਲਚ ਦੇ ਪਾਰਟੀ ਦੇ ਨਾਲ ਖੜ੍ਹੇ ਹਨ।
ਰੈਲੀ ਦਾ ਰੂਪ ਧਾਰਨ ਕਰ ਚੁੱਕੇ ਵੱਡੇ ਧਰਨੇ ਦੌਰਾਨ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਸੁਖਦੇਵ ਢੀਂਡਸਾ ਦਾ ਅੱਜ ਸਿਆਸਤ ਵਿਚ ਕੋਈ ਨਾਂ ਹੈ ਤਾਂ ਇਹ ਸਿਰਫ ਅਕਾਲੀ ਦਲ ਕਰ ਕੇ ਹੈ। ਉਨ੍ਹਾਂ ਕਿਹਾ ਕਿ ਅੱਜ ਤੁਸੀਂ ਜੋ ਕੁੱਝ ਵੀ ਹੋ, ਇਹ ਤੁਹਾਨੂੰ ਪਾਰਟੀ ਨੇ ਬਣਾਇਆ ਹੈ ਪਰ ਅਫਸੋਸ ਦੀ ਗੱਲ ਹੈ ਕਿ ਜਦੋਂ ਨਵੀਂ ਪ੍ਰਤਿਭਾ ਨੂੰ ਨਿਖਾਰਨ ਅਤੇ ਪਾਰਟੀ ਦਾ ਮੁੱਲ ਮੋੜਨ ਦਾ ਸਮਾਂ ਆਇਆ ਤਾਂ ਤੁਸੀਂ ਇਸ ਦੀ ਪਿੱਠ ਵਿਚ ਛੁਰਾ ਮਾਰਨ ਦਾ ਫੈਸਲਾ ਕਰ ਲਿਆ। ਉਨ੍ਹਾਂ ਕਿਹਾ ਕਿ 2 ਫਰਵਰੀ ਨੂੰ ਹੋਣ ਵਾਲੀ ਅਕਾਲੀ ਦਲ ਦੀ ਸੰਗਰੂਰ ਰੈਲੀ ਤੁਹਾਡੀਆਂ ਅੱਖਾਂ ਖੋਲ੍ਹ ਦੇਵੇਗੀ।

ਉਨ੍ਹਾਂ ਕਿਹਾ ਕਿ ਢੀਂਡਸਾ ਅਤੇ ਦੂਜੇ ਸੇਵਾ ਸਿੰਘ ਸੇਖਵਾਂ ਵਰਗੇ ਜਾਅਲੀ ਅਕਾਲੀ ਆਗੂ ਹੱਦ ਦਰਜੇ ਦੇ ਸੁਆਰਥੀ ਹਨ। ਸੁਖਬੀਰ ਨੇ ਕਿਹਾ ਕਿ ਵਾਰ-ਵਾਰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਦੇ ਬਾਵਜੂਦ ਵੀ ਢੀਂਡਸਾ ਦੀ ਸੰਤੁਸ਼ਟੀ ਨਹੀਂ ਹੋਈ ਅਤੇ ਉਹ ਆਪਣੇ ਬੇਟੇ ਪਰਮਿੰਦਰ ਢੀਂਡਸਾ ਨੂੰ ਵਿੱਤ ਮੰਤਰੀ ਬਣਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨਾਲ ਲੜ ਪਏ, ਇਥੋਂ ਤੱਕ ਕਿ ਬਾਦਲ ਸਾਹਿਬ ਨੂੰ ਆਪਣੇ ਜਵਾਈ ਤੇਜਿੰਦਰ ਪਾਲ ਨੂੰ ਮੋਹਾਲੀ ਤੋਂ ਟਿਕਟ ਦੇਣ ਲਈ ਵੀ ਮਜਬੂਰ ਕੀਤਾ, ਜਦਕਿ ਉਹ ਇਕ ਹਾਰਨ ਵਾਲਾ ਉਮੀਦਵਾਰ ਸੀ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਢੀਂਡਸਾ ਨੂੰ ਘੱਟੋ-ਘੱਟ ਦੱਸਣਾ ਤਾਂ ਚਾਹੀਦਾ ਹੈ ਕਿ ਉਸ ਨਾਲ ਕਿਹੜਾ ਧੱਕਾ ਹੋਇਆ ਹੈ?

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇਕ ਹੋਰ ਨਕਲੀ ਅਕਾਲੀ ਸੇਵਾ ਸਿੰਘ ਸੇਖਵਾਂ ਪਿਛਲੇ 30 ਸਾਲਾਂ ਵਿਚ ਸਾਰੀਆਂ ਚੋਣਾਂ ਹਾਰਿਆ ਹੈ। ਉਹ ਸਿਰਫ ਉਸ ਸਮੇਂ ਇਕ ਜ਼ਿਮਨੀ ਚੋਣ ਜਿੱਤਿਆ ਸੀ, ਜਦੋਂ ਸਾਰੀ ਪਾਰਟੀ ਨੇ ਉਸ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਲਈ ਟਕਸਾਲੀ ਸ਼ਬਦ ਢੁੱਕਦਾ ਨਹੀਂ ਹੈ, ਉਹ ਨਿਰੋਲ ਕਾਂਗਰਸ ਦੇ ਪਿਆਦੇ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨੂੰ ਅਕਾਲੀ ਦਲ ਖ਼ਿਲਾਫ ਖੜ੍ਹਾ ਕਰਨ ਦੀ ਸਾਜ਼ਿਸ਼ ਦਾ ਸਰਗਣਾ ਹੈ। ਇਸ ਤੋਂ ਕੈਪਟਨ ਦਾ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਅਤੇ ਗੁਰਦੁਆਰੇ ਦੇ ਫੰਡਾਂ ਵਿਚ 10 ਕਰੋੜ ਰੁਪਏ ਦਾ ਘਪਲਾ ਕਰ ਕੇ ਅਦਾਲਤਾਂ ਵਿਚ ਪੇਸ਼ੀਆਂ ਭੁਗਤ ਰਿਹਾ ਮਨਜੀਤ ਸਿੰਘ ਜੀ. ਕੇ. ਇਨ੍ਹਾਂ ਆਗੂਆਂ ਨੂੰ ਹਵਾ ਦੇ ਰਹੇ ਹਨ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਸੋਚਦਾ ਹੈ ਕਿ ਉਹ ਅਕਾਲੀ ਦਲ ਦਾ ਟਾਕਰਾ ਕਰਨ ਲਈ ਅਜਿਹੇ ਆਗੂਆਂ ਨੂੰ ਅੱਗੇ ਕਰ ਕੇ ਬਹਿਬਲ ਕਲਾਂ ਦੇ ਮੁੱਦੇ ਉੱਤੇ ਉਸੇ ਤਰ੍ਹਾਂ ਲੋਕਾਂ ਨੂੰ ਮੂਰਖ ਬਣਾ ਸਕਦਾ ਹੈ, ਜਿਸ ਤਰ੍ਹਾਂ ਉਸ ਨੇ ਪਿਛਲੇ ਸਾਲ ਬਣਾਇਆ ਸੀ ਪਰ ਇਸ ਵਾਰ ਉਹ ਕਾਮਯਾਬ ਨਹੀਂ ਹੋਵੇਗਾ।