ਬਿਨਾਂ ਮਾਸਕ ਤੋਂ ਰੈਲੀ ’ਚ ਪੁੱਜੇ ਸੁਖਬੀਰ ਬਾਦਲ, ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ (ਤਸਵੀਰਾਂ)

04/01/2021 6:57:31 PM

ਅਜਨਾਲਾ (ਬਿਊਰੋ) - ਸਿਹਤਯਾਬ ਹੋਣ ਉਪਰੰਤ ਸੁਖਬੀਰ ਸਿੰਘ ਬਾਦਲ ਅੱਜ ਅਜਨਾਲਾ ’ਚ ‘ਪੰਜਾਬ ਮੰਗਦਾ ਜਵਾਬ’ ਮੁਹਿੰਮ ਤਹਿਤ ਰੈਲੀ ਕਰਨ ਲਈ ਪੁੱਜੇ। ਇਸ ਮੌਕੇ ਸੁਖਬੀਰ ਬਾਦਲ ਵੱਲੋਂ ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਪੰਜਾਬ ਸਰਕਾਰ ਦੇ ਕੋਰੋਨਾ ਖ਼ਿਲਾਫ਼ ਜੰਗ ਲਈ ਜਾਰੀ ਨਿਯਮਾਂ ਨੂੰ ਦਰਕਿਨਾਰ ਕਰਦੇ ਹੋਏ ਸੁਖਬੀਰ ਬਾਦਲ ਬਿਨਾਂ ਮਾਸਕ ਤੋਂ ਹੀ ਸਟੇਜ ’ਤੇ ਪਹੁੰਚ ਗਏ। ਕੋਰੋਨਾ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨ ਕਰਕੇ ਸੁਖਬੀਰ ਬਾਦਲ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ। ਕਾਬਲ-ਏ-ਗੌਰ ਹੈ ਕਿ ਸੁਖਬੀਰ  ਬਾਦਲ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਕੁਝ ਦਿਨ ਮੇਦਾਂਤਾ ਹਸਪਤਾਲ ’ਚ ਦਾਖ਼ਲ ਰਹੇ ਸਨ। ਕੋਰੋਨਾ ’ਤੇ ਫ਼ਤਿਹ ਪਾਉਣ ਉਪਰੰਤ ਉਨ੍ਹਾਂ ਨੇ ਮੁੜ ਤੋਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ RSS ਖ਼ਿਲਾਫ਼ ਮਤਾ ਪਾਸ, ਦਿੱਤੀ ਇਹ ਚਿਤਾਵਨੀ

ਛਿੱਕੇ ਟੰਗੀਆਂ ਸਾਰੀਆਂ ਹਿਦਾਇਤਾਂ
ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਇਕ ਪਾਸੇ ਪੰਜਾਬ ਸਰਕਾਰ ਵਲੋਂ ਆਮ ਨਾਗਰਿਕਾਂ ਲਈ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਅਨੁਸਾਰ ਇਨਡੋਰ ਸਮਾਗਮ ਲਈ 100 ਲੋਕ  ਅਤੇ ਆਉਟਡੋਰ ਸਮਾਗਮਾਂ ਲਈ 200 ਲੋਕ ਹੀ ਇਕੱਠੇ ਹੋ ਸਕਦੇ ਹਨ ਪਰ ਇਸ ਰੈਲੀ ’ਚ ਹਜ਼ਾਰਾਂ ਦੀ ਤਾਦਾਦ ’ਚ ਹਜ਼ੂਮ ਇਕੱਠਾ ਹੋਇਆ ਹੈ। ਕੀ ਪੰਜਾਬ ਸਰਕਾਰ ਦੇ ਨਿਯਮ ਇਨ੍ਹਾਂ ਰੈਲੀਆਂ ’ਤੇ ਲਾਗੂ ਨਹੀਂ ਹੁੰਦੇ? ਆਮ ਲੋਕਾਂ ਨੂੰ ਜਿੱਥੇ ਬਿਨਾਂ ਮਾਸਕ ਤੋਂ ਫੜੇ ਜਾਣ ਉਪਰੰਤ ਜੁਰਮਾਨਾ ਅਤੇ ਮੌਕੇ ’ਤੇ ਕੋਰੋਨਾ ਜਾਂਚ ਲਈ ਮਜ਼ਬੂਰ ਕੀਤਾ ਜਾਂਦਾ ਹੈ, ਉੱਥੇ ਹੀ ਸਿਆਸੀ ਰੈਲੀਆਂ ’ਚ ਇਕੱਠੇ ਹੋ ਰਹੇ ਲੋਕਾਂ ਲਈ ਨਾ ਤਾਂ ਮਾਸਕ ਜ਼ਰੂਰੀ ਹੈ ਅਤੇ ਨਾ ਹੀ ਮੌਕੇ ’ਤੇ ਜਾਂ ਅਗਾਓ ਕੋਰੋਨਾ ਜਾਂਚ ਦਾ ਕੋਈ ਪ੍ਰਬੰਧ ਹੈ। 

ਪੜ੍ਹੋ ਇਹ ਵੀ ਖ਼ਬਰ - ਅਜਨਾਲਾ ਤੋਂ ਚੋਣ ਲੜ ਸਕਦੇ ਹਨ ‘ਅਮਰਪਾਲ ਸਿੰਘ ਬੋਨੀ’, ਸੁਖਬੀਰ ਬਾਦਲ ਨੇ ਭਾਸ਼ਣ ਦੌਰਾਨ ਦਿੱਤਾ ਇਹ ਸੰਕੇਤ

ਕੀ ਸਿਆਸੀ ਰੈਲੀਆਂ ’ਚ ਨਹੀਂ ਫ਼ੈਲਦਾ ਕੋਰੋਨਾ 
ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ’ਚ ਇਕੱਲੇ ਮਾਰਚ ਮਹੀਨੇ ਹੀ ਹਜ਼ਾਰ ਤੋਂ ਵੱਧ ਮੌਤਾਂ ਕੋਰੋਨਾ ਕਾਰਨ ਹੋਈਆਂ ਹਨ ਅਤੇ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ ਵੀ ਹਜ਼ਾਰਾਂ ’ਚ ਹੈ। ਅਜਿਹੇ ਮਾਹੌਲ ’ਚ ਸਿਆਸੀ ਰੈਲੀਆਂ ਕਰਨਾ ਸਿੱਧੇ ਤੌਰ ’ਤੇ ਆਮ ਲੋਕਾਂ ਲਈ ਕੋਰੋਨਾ ਦੇ ਖ਼ਤਰੇ ਨੂੰ ਹੋਰ ਵਧਾਉਣਾ ਹੈ। ਗੌਰਤਲਬ ਹੈ ਕਿ ਸੁਖਬੀਰ ਬਾਦਲ ਦੀ ਕੋਰੋਨਾ ਰਿਪੋਰਟ 16 ਮਾਰਚ, 2021 ਨੂੰ ਪਾਜ਼ੇਟਿਵ ਆਈ ਸੀ ਅਤੇ ਉਨ੍ਹਾਂ ਨੂੰ ਫੌਰੀ ਤੌਰ ’ਤੇ ਦਿੱਲੀ ਦੇ ਮੇਦਾਂਤਾ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਸੀ। ਹੁਣ ਜਦੋਂ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆ ਗਈ ਹੈ ਤਾਂ ਉਨ੍ਹਾਂ ਨੇ ਮੁੜ ਤੋਂ ਸਿਆਸੀ ਮਾਹੌਲ ਭਖਾਉਣ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਵਿੱਚ  ਕੋਰੋਨਾ ਨਿਯਮਾਂ ਦੀ ਪਰਵਾਹ ਕੀਤੇ ਬਿਨਾਂ ਜਿੱਥੇ ਉਹ ਖ਼ੁਦ ਖ਼ਤਰਾ ਸਹੇੜ ਰਹੇ ਹਨ ਉੱਥੇ ਆਮ ਲੋਕਾਂ ਲਈ ਵੀ ਇਹ ਮਾਹੌਲ ਘਾਤਕ ਸਾਬਤ ਹੋ ਸਕਦਾ ਹੈ।ਇਨ੍ਹਾਂ ਰੈਲੀਆਂ ਨੂੰ ਵੇਖ ਵਿਰੋਧੀ ਧਿਰਾਂ ਦੀ ਜ਼ੁਬਾਨ 'ਤੇ ਇੱਕੋ ਸਵਾਲ ਹੈ ਕਿ ਕੀ ਸਿਆਸੀ ਰੈਲੀਆਂ 'ਚ ਕੋਰੋਨਾ ਨਹੀਂ ਫੈਲਦਾ?    

ਪੜ੍ਹੋ ਇਹ ਵੀ ਖ਼ਬਰ - 40 ਘੰਟੇ ਬੀਤਣ ਮਗਰੋਂ ਵੀ ਟਾਵਰ ਤੋਂ ਨਹੀਂ ਉੱਤਰੇ ਸੰਘਰਸ਼ ਕਰ ਰਹੇ ‘ਬਜ਼ੁਰਗ’, ਦਿੱਤੀ ਖ਼ੁਦਕੁਸ਼ੀ ਕਰਨ ਦੀ ਧਮਕੀ 

ਕੈਪਟਨ ਦੀ ਸਖ਼ਤੀ ਸਿਰਫ਼ ਆਮ ਲੋਕਾਂ ਲਈ
ਰੈਲੀ ਕਰਨ ਅਜਨਾਲਾ ’ਚ ਪੁੱਜੇ ਸੁਖਬੀਰ ਸਿੰਘ ਬਾਦਲ ਬਿਨਾਂ ਮਾਸਕ ਤੋਂ ਹੀ ਸਟੇਜ ’ਤੇ ਪੁੱਜੇ ਅਤੇ ਆਗੂਆਂ ਨੂੰ ਮਿਲੇ। ਇਸੇ ਦੌਰਾਨ ਵੱਡੀ ਗਿਣਤੀ ’ਚ ਰੈਲੀ ’ਚ ਪੁੱਜੇ ਲੋਕਾਂ ਦੀਆਂ ਤਸਵੀਰਾਂ ਵੀ ਬਿਨਾਂ ਮਾਸਕ ਤੋਂ ਵੇਖੀਆਂ ਜਾ ਸਕਦੀਆਂ ਹਨ। ਇਕ ਪਾਸੇ ਤਾਂ ਬਿਨਾਂ ਮਾਸਕ ਤੋਂ ਸਾਇਕਲ ’ਤੇ ਜਾ ਰਹੇ ਗ਼ਰੀਬ ਮਜ਼ਦੂਰ ਨੂੰ ਜੇਕਰ 500 ਰੁਪਏ ਜੁਰਮਾਨਾ ਅਤੇ ਮੌਕੇ ’ਤੇ ਕੋਰੋਨਾ ਜਾਂਚ ਕੀਤੀ ਜਾ ਸਕਦੀ ਹੈ ਤਾਂ ਸਿਆਸੀ ਰੈਲੀਆਂ ’ਚ ਇਕੱਠੇ ਹੋਏ ਹਜ਼ੂਮ ’ਤੇ ਇਹ ਹਦਾਇਤਾਂ ਕਿਉਂ ਲਾਗੂ ਨਹੀਂ? ਕੈਪਟਨ ਸਰਕਾਰ ਆਏ ਦਿਨ ਕੋਰੋਨਾ ਨੂੰ ਲੈ ਕੇ ਸਖ਼ਤ ਹੋਣ ਦਾ ਫ਼ਰਮਾਨ ਜਾਰੀ ਕਰਦੀ ਹੈ ਤਾਂ ਇਹ ਮੰਨਿਆ ਜਾਣਾ ਚਾਹੀਦਾ ਹੈ ਕਿ ਇਹ ਸਖ਼ਤੀ ਸਿਰਫ਼ ਆਮ ਲੋਕਾਂ ਲਈ ਹੈ ਸਿਆਸੀ ਰੈਲੀਆਂ ਦੇ ਇਕੱਠ ਲਈ ਨਹੀਂ।

rajwinder kaur

This news is Content Editor rajwinder kaur