ਸੁਖਬੀਰ ਬਾਦਲ ਲਈ 2022 ਤੱਕ ਦਾ ਰਸਤਾ ਮੁਸ਼ਕਲ

05/25/2019 11:21:21 AM

ਪਟਿਆਲਾ (ਰਾਜੇਸ਼)—2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿਚ ਬੇਸ਼ੱਕ ਅਕਾਲੀ ਦਲ ਨੇ ਆਪਣੀ ਕਾਰਗੁਜ਼ਾਰੀ 'ਚ ਕੁੱਝ ਇੰਪਰੂਵਮੈਂਟ ਕੀਤੀ ਹੈ ਪਰ 2022 ਵਿਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੱਕ ਸੁਖਬੀਰ ਬਾਦਲ ਦਾ ਰਸਤਾ ਮੁਸ਼ਕਲ ਦਿਖਾਈ ਦੇ ਰਿਹਾ ਹੈ। ਬੇਸ਼ੱਕ ਖੁਦ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਚੋਣ ਜਿੱਤ ਗਏ ਹਨ ਪਰ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਗਿਆ ਹੈ। ਇਸ ਪਾਰਟੀ ਦਾ ਪ੍ਰਧਾਨ ਸਿਰਫ ਆਪਣੀ ਸੀਟ ਬਚਾਉਣ ਤੱਕ ਸੀਮਤ ਰਿਹਾ। ਪਾਰਟੀ ਨੂੰ ਜਿਤਾਉਣ ਵਿਚ ਸਫਲ ਨਾ ਹੋਵੇ ਤਾਂ ਹਮੇਸ਼ਾ ਹੀ ਲੀਡਰਸ਼ਿਪ ਖਿਲਾਫ ਬਗਾਵਤੀ ਸੁਰਾਂ ਉਠਦੀਆਂ ਹਨ। ਅਕਾਲੀ ਦਲ ਦਾ ਇਤਿਹਾਸ ਵੀ ਇਹੀ ਰਿਹਾ ਹੈ ਕਿ ਜਦੋਂ ਵੀ ਕਿਸੇ ਚੋਣ ਵਿਚ ਅਕਾਲੀ ਦਲ ਦੀ ਹਾਰ ਹੁੰਦੀ ਹੈ ਤਾਂ ਬਗਾਵਤੀ ਸੁਰਾਂ ਉੱਠਣ ਲੱਗ ਜਾਂਦੀਆਂ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਅਕਾਲੀ ਦਲ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚੋਂ ਸਿਰਫ 32 ਵਿਧਾਨ ਸਭਾ ਹਲਕਿਆਂ ਵਿਚ ਲੀਡ ਲੈਣ 'ਚ ਸਫਲ ਰਿਹਾ ਹੈ। 2017 ਦੀਆਂ ਚੋਣਾਂ ਵਿਚ ਉਸ ਨੇ 17 ਵਿਧਾਨ ਸਭਾ ਸੀਟਾਂ ਜਿੱਤੀਆਂ ਸਨ। 

ਬੇਸ਼ੱਕ ਅਕਾਲੀ ਦਲ ਦਾ ਅੰਕੜਾ ਵਧਿਆ ਹੈ ਪਰ ਜਿਸ ਤਰੀਕੇ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਖੋਰਾ ਲੱਗਾ ਹੈ, ਉਸ ਦੇ ਬਾਵਜੂਦ ਵੀ ਅਕਾਲੀ ਦਲ ਦੀ ਸਥਿਤੀ ਨਾ ਸੁਧਰਨਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ? 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਕੇਂਦਰ ਵਿਚ ਮੋਦੀ ਦੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿਚ ਕੈਬਨਿਟ ਮੰਤਰੀ ਬਣਾਇਆ ਗਿਆ ਸੀ। ਸੀਨੀਅਰ ਅਕਾਲੀ ਲੀਡਰਸ਼ਿਪ ਵਿਚ ਘੁਸਰ-ਮੁਸਰ ਹੋਈ ਸੀ। ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਹੋਣ ਕਾਰਣ ਕੋਈ ਵੀ ਆਗੂ ਵਿਰੋਧ ਨਹੀਂ ਕਰ ਸਕਿਆ ਸੀ। ਹੁਣ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ। ਓਵਰਆਲ ਅਕਾਲੀ ਦਲ ਕਾਫੀ ਡਾਊਨ ਹੈ। ਇਸ ਕਰ ਕੇ ਜੇਕਰ ਮੁੜ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਮੰਤਰੀ ਬਣਾਇਆ ਜਾਂਦਾ ਹੈ ਤਾਂ ਟਕਸਾਲੀ ਅਕਾਲੀ ਲੀਡਰਸ਼ਿਪ ਇਸ ਨੂੰ ਮੁੱਦਾ ਬਣਾ ਸਕਦੀ ਹੈ। ਇਸ ਕਾਰਣ ਬਾਦਲ ਪਰਿਵਾਰ ਵੀ ਚਿੰਤਤ ਹੈ। ਉਹ ਹਰ ਕਦਮ ਫੂਕ-ਫੂਕ ਕੇ ਰੱਖ ਰਿਹਾ ਹੈ।

ਅਕਾਲੀ ਦਲ ਤੋਂ ਵੱਖਰੇ ਹੋਏ ਟਕਸਾਲੀ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ 'ਚੋਂ ਅਕਾਲੀ ਦਲ ਨੂੰ ਹਰਾਉਣ 'ਤੇ ਬਾਦਲ ਪਰਿਵਾਰ ਖਿਲਾਫ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਰਾਜਸੀ ਮਾਹਰਾਂ ਅਨੁਸਾਰ ਅਕਾਲੀ ਦਲ ਨੂੰ ਸ਼ਹਿਰਾਂ ਵਿਚ ਜੋ ਵੋਟ ਮਿਲੀ ਹੈ, ਉਸ ਦਾ ਵੱਡਾ ਕਾਰਨ ਮੋਦੀ ਲਹਿਰ ਦੱਸਿਆ ਜਾ ਰਿਹਾ ਹੈ। ਸ਼ਹਿਰੀ ਹਿੰਦੁਆਂ ਨੇ ਚੁੱਪ-ਚਪੀਤੇ ਮੋਦੀ ਦੇ ਨਾਂ 'ਤੇ ਅਕਾਲੀ ਦਲ ਨੂੰ ਵੋਟਾਂ ਪਾਈਆਂ। ਇਸ ਕਾਰਨ ਅਕਾਲੀ ਦਲ ਦੀ ਥੋੜ੍ਹੀ-ਬਹੁਤੀ ਹਾਲਤ ਸੁਧਰੀ। ਜੇਕਰ ਮੋਦੀ ਲਹਿਰ ਨਾ ਹੁੰਦੀ ਤਾਂ ਅਕਾਲੀ ਦਲ ਦਾ ਹੋਰ ਨੁਕਸਾਨ ਹੋਣਾ ਸੀ। ਪਾਰਟੀ ਦਾ ਇਕ ਵੱਡਾ ਵਰਗ ਇਹ ਵੀ ਮੰਗ ਕਰ ਸਕਦਾ ਹੈ ਕਿ ਜੇਕਰ ਕਾਂਗਰਸ ਪਾਰਟੀ ਦੀ ਹਾਰ 'ਤੇ ਰਾਹੁਲ ਗਾਂਧੀ ਅਸਤੀਫਾ ਦੀ ਪੇਸ਼ਕਸ਼ ਕਰ ਸਕਦੇ ਹਨ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਅਕਾਲੀ ਦਲ ਦੀ ਮਾੜੀ ਕਾਰਗੁਜ਼ਾਰੀ 'ਤੇ ਅਸਤੀਫਾ ਦੇਣਾ ਚਾਹੀਦਾ ਹੈ। ਕਿਸੇ ਟਕਸਾਲੀ ਅਕਾਲੀ ਆਗੂ ਨੂੰ ਪਾਰਟੀ ਦੀ ਕਮਾਂਡ ਦੇਣੀ ਚਾਹੀਦੀ ਹੈ। ਜਿਹੜੇ ਅਕਾਲੀ ਦਲ ਦੇ ਆਗੂ ਲੋਕ ਸਭਾ ਚੋਣ ਹਾਰੇ ਹਨ, ਉਹ ਹੁਣ ਟਿਕ ਨਹੀਂ ਬੈਠਣਗੇ। ਸੁਖਬੀਰ ਸਿੰਘ ਬਾਦਲ ਲਈ ਕੋਈ ਨਾ ਕੋਈ ਸਮੱਸਿਆ ਖੜ੍ਹੀ ਕਰਨਗੇ। ਕਾਂਗਰਸ ਪਾਰਟੀ ਨੂੰ ਪੰਜਾਬ ਵਿਚ ਵੱਡੀ ਜਿੱਤ ਪ੍ਰਾਪਤ ਹੋਈ ਹੈ। ਇਸ ਕਰ ਕੇ ਸੂਬੇ ਦੀ ਕਾਂਗਰਸ ਸਰਕਾਰ ਵੀ ਅਕਾਲੀ ਦਲ ਨੂੰ ਤੋੜਨ ਵਿਚ ਆਪਣਾ ਹਰ ਹੀਲਾ ਵਰਤੇਗੀ।

Shyna

This news is Content Editor Shyna