ਸੁਖਬੀਰ ਤੇ ਹਰਸਿਮਰਤ ਨੇ ਕੇਂਦਰ ਸਰਕਾਰ ਕੋਲ ਚੁੱਕੇ ਪੰਜਾਬ ਦੇ ਮਸਲੇ

09/12/2018 5:53:10 PM

ਨਵੀਂ ਦਿੱਲੀ\ਚੰਡੀਗੜ੍ਹ (ਕਮਲ ਕਾਂਸਲ) : ਕਿਸਾਨੀ ਅਤੇ ਹਾਈਵੇ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਦੱਸਿਆ ਕਿ ਹਾਰਵੈਸਟਰ ਕੰਬਾਇਨ ਲੈਣ 'ਤੇ ਕਮਰਸ਼ੀਅਲ ਟੈਕਸ ਦੇਣਾ ਪੈਂਦਾ ਸੀ ਅਤੇ ਇਸ ਨੂੰ ਖੇਤੀਬਾੜੀ ਸ਼੍ਰੇਣੀ ਵਿਚ ਰੱਖਣ ਦੀ ਮੰਗ ਚੁੱਕੀ ਗਈ ਸੀ, ਜਿਸ ਨੂੰ ਮੰਤਰਾਲੇ ਨੇ ਸਵਿਕਾਰ ਕਰ ਲਿਆ ਹੈ। ਹੁਣ ਜਲਦ ਹੀ ਹਾਰਵੈਸਟਰ ਮਸ਼ੀਨ ਖੇਤੀਬਾੜੀ ਸ਼੍ਰੇਣੀ ਵਿਚ ਆ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਲਗਭਗ 80 ਤੋਂ 90 ਹਜ਼ਾਰ ਰੁਪਏ ਜਿਹੜੇ ਵਾਧੂ ਦੇਣੇ ਪੈਂਦੇ ਸਨ, ਹੁਣ ਉਹ ਨਹੀਂ ਦੇਣੇ ਪੈਣਗੇ। 

ਸੁਖਬੀਰ ਨੇ ਕਿਹਾ ਕਿ ਇਸ ਦੌਰਾਨ ਜਲੰਧਰ ਤੋਂ ਅਜਮੇਰ ਸ਼ਰੀਫ ਲਈ ਡਾਇਰੈਕਟ ਐਕਸਪ੍ਰੈਸ ਵੇਅ ਬਨਾਉਣ ਦੀ ਮੰਗ ਵੀ ਰੱਖੀ ਗਈ, ਤਾਂ ਜੋ ਆਸਾਨੀ ਨਾਲ ਸਾਮਾਨ ਮੁੰਬਈ ਲਿਜਾਇਆ ਜਾ ਸਕੇ। ਸੁਖਬੀਰ ਨੇ ਦੱਸਿਆ ਕਿ ਨਿਤਿਨ ਗਡਕਰੀ ਨੇ ਭਰੋਸਾ ਜਤਾਇਆ ਹੈ ਕਿ ਇਸ ਮੰਗ 'ਤੇ ਵੀ ਜਲਦ ਅਮਲ ਕੀਤਾ ਜਾਵੇਗਾ। 

ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ 'ਤੇ ਸੁਖਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣਾ ਵੈਟ ਘਟਾ ਕੇ ਪੈਟਰੋਲ-ਡੀਜ਼ਲ ਦੇ ਭਾਅ ਪੰਜ ਤੋਂ ਦਸ ਰੁਪਏ ਘੱਟ ਕਰਨੇ ਚਾਹੀਦੇ ਹਨ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਵਲੋਂ ਵੀ ਕੇਂਦਰ ਸਰਕਾਰ 'ਤੇ ਤੇਲ ਕੀਮਤਾਂ 'ਚ ਘਾਟੇ ਲਈ ਦਬਾਅ ਬਣਾਇਆ ਜਾਵੇਗਾ।