ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਹਮਲਾ, ਕਿਹਾ-ਪੰਜਾਬ ’ਚ ਕੋਈ ਵੀ ਨਹੀਂ ਸੁਰੱਖਿਅਤ

06/05/2022 7:48:09 PM

ਚੰਡੀਗੜ੍ਹ (ਬਿਊਰੋ) : ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ’ਚ ਬੀਤੇ ਇਕ ਹਫ਼ਤੇ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੱਡਾ ਹਮਲਾ ਕੀਤਾ ਹੈ। ਬਾਦਲ ਨੇ ਕਿਹਾ ਕਿ ਨਿੱਤ ਦਿਨ ਵਾਪਰਦੀਆਂ ਘਟਨਾਵਾਂ ਕਾਰਨ ਅੱਜ ਪੰਜਾਬ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਭਗਵੰਤ ਮਾਨ ਹੁਣ ਤਕ ਸਰਕਾਰ ਚਲਾਉਣ ’ਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਸੁਖਬੀਰ ਬਾਦਲ ਨੇ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਬੇਰਹਿਮੀ ਨਾਲ ਕੀਤੇ ਕਤਲ ਤੋਂ ਲੈ ਕੇ 5 ਜੂਨ ਤਕ ਪੰਜਾਬ ’ਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਦਾ ਸੋਸ਼ਲ ਮੀਡੀਆ ਰਾਹੀਂ ਪੋਸਟ ਪਾ ਕੇ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਦਲਬੀਰ ਗੋਲਡੀ ਨੂੰ ਐਲਾਨਿਆ ਉਮੀਦਵਾਰ

ਬਾਦਲ ਨੇ ਕਿਹਾ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੌਰਾਨ 30 ਮਈ ਨੂੰ ਪਟਿਆਲਾ ’ਚ ਇਕ ਔਰਤ ਤੇ ਉਸ ਦੀ ਧੀ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। 1 ਜੂਨ ਨੂੰ ਲੁਧਿਆਣਾ ਨੇੜੇ ਪੀ. ਆਰ. ਟੀ. ਸੀ. ਦੀ ਚੱਲਦੀ ਬੱਸ ’ਚ ਡਕੈਤੀ ਹੋਈ ਤੇ ਇਸੇ ਹੀ ਦਿਨ ’ਚ ਅੰਮ੍ਰਿਤਸਰ ਕਾਲਜ ਦੇ ਬਾਹਰ ਬੈਂਕ ਮੁਲਾਜ਼ਮ ਦਾ ਗੋਲ਼ੀ ਮਾਰ ਕੇ ਕਤਲ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 3 ਜੂਨ ਨੂੰ ਬੱਧਨੀ ਕਲਾਂ (ਮੋਗਾ) ਦੇ ਬਾਜ਼ਾਰ ’ਚ ਇਕ ਲੜਕੇ ਦਾ ਗਲ਼ਾ ਵੱਢ ਕੇ ਕਤਲ ਕੀਤਾ ਗਿਆ ਤੇ 5 ਜੂਨ ਨੂੰ ਅਹਿਮਦਗੜ੍ਹ ਨੇੜੇ ਇਕ ਵਿਅਕਤੀ ਦੀ ਸਿਰ ਕਟੀ ਲਾਸ਼ ਬਰਾਮਦ ਹੋਈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਵੀ ਅਨੇਕਾਂ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਹਨ।

ਇਹ ਵੀ ਪੜ੍ਹੋ : ਕੇਂਦਰ ਤੇ ਸੂਬਾ ਸਰਕਾਰ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਬਰਨ ਦਿੱਤੀ ਜ਼ੈੱਡ ਸੁਰੱਖਿਆ  

Manoj

This news is Content Editor Manoj