ਸੁਖਬੀਰ ਬਾਦਲ ਨੇ ਸਹਾਰਨਪੁਰ ਮਸਜਿਦ ਕਮੇਟੀ ਨੂੰ ਕੀਤਾ ਸਨਮਾਨਿਤ

03/04/2020 12:39:02 AM

ਚੰਡੀਗਡ਼੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਸਹਾਰਨਪੁਰ ਮਸਜਦ ਕਮੇਟੀ ਨੂੰ ਸਨਮਾਨਿਤ ਕੀਤਾ। ਇਸ ਕਮੇਟੀ ਨੇ ਉਤਰ-ਪੂਰਵੀ ਦਿੱਲੀ ’ਚ ਹਿੰਸਾ ਦੌਰਾਨ ਸਿੱਖਾਂ ਵੱਲੋਂ ਮੁਸਲਮਾਨ ਭਾਈਚਾਰੇ ਦੀ ਸਹਾਇਤਾ ਲਈ ਧੰਨਵਾਦ ਕਰਦੇ ਹੋਏ ਇੱਕ ਮਸਜ਼ਿਦ ਦੇ ਨਿਰਮਾਣ ਲਈ ਸਿੱਖਾਂ ਨਾਲ ਵਿਵਾਦ ਵਾਲੇ ਇੱਕ ਵਿਕਲਪਿਕ ਜਮੀਨ ਦੇ ਟੁਕਡ਼ੇ ’ਤੇ ਆਪਣਾ ਦਾਅਵਾ ਛੱਡ ਦਿੱਤਾ ਹੈ। ਨਾਲ ਹੀ, 60 ਲੱਖ ਰੁਪਏ ਦਾ ਚੈਕ ਵੀ ਵਾਪਿਸ ਕਰ ਦਿੱਤਾ ਹੈ। ਸਹਾਰਨਪੁਰ ਦੇ ਸਿੱਖਾਂ ਅਤੇ ਮੁਸਲਮਾਨਾਂ ’ਚ 10 ਸਾਲ ਪੁਰਾਣਾ ਇੱਕ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਸ਼ਹਿਰ ਦੀ ਗੁਰਦੁਆਰਾ ਕਮੇਟੀ ਨੇ ਗੁਰਦੁਆਰਾ ਕੰਪਲੈਕਸ ਨੂੰ ਵੱਡਾ ਕਰਨ ਲਈ ਜ਼ਮੀਨ ਦਾ ਇੱਕ ਟੁਕਡ਼ਾ ਖਰੀਦਿਆ ਸੀ। ਦੋਨਾਂ ਭਾਈਚਾਰਿਆਂ ਵਿਚਕਾਰ ਹੋਈ ਹਿੰਸਾ ਤੋਂ ਬਾਅਦ ਇਹ ਲਡ਼ਾਈ ਸੁਪਰੀਮ ਕੋਰਟ ’ਚ ਪਹੁੰਚ ਗਈ ਸੀ, ਜਿੱਥੇ ਗੁਰਦੁਆਰਾ ਮੈਨੇਜਮੈਂਟ ਵੱਲੋਂ ਇੱਕ ਵਿਕਲਪਿਕ ਜਮੀਨ ਦੀ ਪੇਸ਼ਕਸ਼ ਦਿੱਤੇ ਜਾਣ ਤੋਂ ਬਾਅਦ ਮੁਸਲਮਾਨ ਭਾਈਚਾਰੇ ਨੇ ਆਪਣਾ ਦਾਅਵਾ ਛੱਡ ਦਿੱਤਾ ਸੀ। ਇਸਤੋਂ ਬਾਅਦ ਗੁਰਦੁਆਰਾ ਮੈਨੇਜਮੇਂਟ ਵੱਲੋਂ ਜ਼ਮੀਨ ਖਰੀਦਣ ਅਤੇ ਇਸਦੀ ਰਜਿਸਟਰੀ ਕਰਵਾਉਣ ਲਈ 60 ਲੱਖ ਰੁਪਏ ਖਰਚ ਕੀਤੇ ਗਏ ਸਨ। ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦੇ ਹੋਏ ਉੱਤਰ ਪ੍ਰਦੇਸ਼ ਅਕਾਲੀ ਦਲ ਦੇ ਇੰਚਾਰਜ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਸਜ਼ਿਦ ਕਮੇਟੀ ਦੀ ਤਰਜਮਾਨੀ ਕਰਨ ਵਾਲੇ ਮੁਹੱਰਮ ਅਲੀ ਪੱਪੂ ਨੇ ਅੱਜ 60 ਲੱਖ ਦਾ ਚੈਕ ਵੀ ਵਾਪਿਸ ਕਰ ਦਿੱਤਾ ਹੈ ਅਤੇ ਵਚਨ ਦਿੱਤਾ ਹੈ ਕਿ ਸਹਾਰਨਪੁਰ ਦਾ ਮੁਸਲਮਾਨ ਭਾਈਚਾਰਾ ਨਵੇਂ ਗੁਰਦੁਆਰਾ ਕੰਪਲੈਕਸ ਦੇ ਨਿਰਮਾਣ ’ਚ ਕਾਰ ਸੇਵਾ ਕਰੇਗਾ। ਇਸ ਮੌਕੇ ਸਾਂਸਦ ਬਲਵਿੰਦਰ ਸਿੰਘ ਭੂੰਦਡ਼, ਡੀ.ਐੱਸ. ਜੀ. ਐੱਮ. ਸੀ. ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਡੀ.ਐੱਸ. ਜੀ. ਐੱਮ. ਸੀ. ਮੈਂਬਰ ਮਹਿੰਦਰਪਾਲ ਸਿੰਘ ਅਤੇ ਜਤਿੰਦਰ ਸਾਹਨੀ ਵੀ ਮੌਜ਼ੂਦ ਸਨ।

Bharat Thapa

This news is Content Editor Bharat Thapa