ਸੁਖਬੀਰ ਬਾਦਲ ਨੇ ਪੰਜਾਬ ਦੇ 3 ਫੌਜੀਆਂ ਸਮੇਤ 5 ਫੌਜੀਆਂ ਦੀ ਸ਼ਹਾਦਤ ’ਤੇ ਡੂੰਘਾ ਦੁੱਖ ਪ੍ਰਗਟਾਇਆ

10/12/2021 11:06:41 AM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੰਮੂ ਕਸ਼ਮੀਰ ਵਿਚ ਹੋਏ ਮੁਕਾਬਲੇ ਵਿਚ ਪੰਜਾਬ ਦੇ 3 ਫੌਜੀਆਂ ਸਮੇਤ 5 ਫੌਜੀਆਂ ਦੀ ਸ਼ਹਾਦਤ ਹੋਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹਰ ਸ਼ਹੀਦ ਦੇ ਪਰਿਵਾਰ ਨੂੰ ਘੱਟ ਤੋਂ ਘੱਟ 50 ਲੱਖ ਰੁਪਏ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਮੁਕਾਬਲੇ ਨੇ ਸਾਰੇ ਭਾਰਤੀਆਂ ਖਾਸ ਤੌਰ ’ਤੇ ਪੰਜਾਬੀਆਂ ਨੂੰ ਹੱਕਾ ਬੱਕਾ ਕਰ ਦਿੱਤਾ ਹੈ ਕਿਉਂਕਿ ਦੇਸ਼ ਨੇ ਪੰਜ ਬਹਾਦਰ ਸੈਨਿਕ ਗੁਆ ਲਏ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿ ਹਰ ਵਾਰ ਹੁੰਦਾ ਹੈ ਇਸ ਵਾਰ ਵੀ ਦੇਸ਼ ਵਾਸਤੇ ਪੰਜਾਬੀ ਸ਼ਹਾਦਤਾਂ ਦੇਣ ਵਿਚ ਸਭ ਤੋਂ ਮੂਹਰੇ ਹਨ ਤੇ 5 ਵਿਚੋਂ 3 ਸ਼ਹੀਦ ਪੰਜਾਬ ਤੋਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਇਸ ਧਰਤੀ ’ਤੇ ਅਕਾਲ ਪੁਰਖ ਮਿਹਰਬਾਨ ਹੈ ਜਿਸ ਕਾਰਣ ਇਸ ਧਰਤੀ ਤੋਂ ਬਹਾਦਰ ਪੈਦਾ ਹੁੰਦੇ ਹਨ ਜਿਨ੍ਹਾਂ ਵਿਚ ਨਾ ਸਿਰਫ ਫੌਜੀ ਬਲਕਿ ਕਿਸਾਨ ਵੀ ਸ਼ਾਮਲ ਹਨ, ਜੋ ਭਾਰਤ ਦੇ ਹਰ ਨਾਗਰਿਕ ਨੂੰ ਅਨਾਜ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ੇ ਤੋਂ ਇਲਾਵਾ ਹਰ ਪਰਿਵਾਰ ਦੇ ਘੱਟ ਤੋਂ ਘੱਟ ਇਕ ਜੀਅ ਨੂੰ ਸਰਕਾਰੀ ਨੌਕਰੀ ਪ੍ਰਦਾਨ ਕਰੇ।

ਬਾਦਲ ਨੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਕਪੂਰਥਲਾ, ਨਾਇਕ ਮਨਦੀਪ ਸਿੰਘ ਚੱਲਾ ਜ਼ਿਲ੍ਹਾ ਗੁਰਦਾਸਪੁਰ, ਸਿਪਾਹੀ ਗੱਜਣ ਸਿੰਘ ਪੰਚਰੰਦਾ ਜ਼ਿਲਾ ਰੋਪੜ, ਸਿਪਾਹੀ ਸਰਾਜ ਸਿੰਘ ਅਖ਼ਤਿਆਰਪੁਰ ਜ਼ਿਲ੍ਹਾ ਸ਼ਹਾਰਨਪੁਰ ਯੂ.ਪੀ. ਅਤੇ ਸਿਪਾਹੀ ਵੈਸਾਖ ਓਡਾਨਵਾਤਮ ਜ਼ਿਲ੍ਹਾ ਕੋਲਮ ਕੇਰਲਾ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

 
 

Anuradha

This news is Content Editor Anuradha