ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ, ਬਾਗੀਆਂ 'ਤੇ ਕਾਰਵਾਈ ਦੇ ਆਸਾਰ (ਵੀਡੀਓ)

11/11/2018 5:10:03 PM

ਚੰਡੀਗੜ੍ਹ (ਮਨਮੋਹਨ) : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਸ਼ੁਰੂ ਹੋ ਚੁੱਕੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਹੋ ਰਹੀ ਇਸ ਮੀਟਿੰਗ 'ਚ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਮੌਜੂਦ ਹਨ। ਡਾਵਾਂ-ਡੋਲ ਹੋ ਰਹੀ ਪਾਰਟੀ ਨੂੰ ਥੰਮ੍ਹਣ ਲਈ ਕੋਰ ਕਮੇਟੀ ਦੀ ਇਸ ਮੀਟਿੰਗ 'ਚ ਕਈ ਅਹਿਮ ਫੈਸਲੇ ਲਏ ਜਾਣ ਦੀ ਉਮੀਦ ਹੈ ਕਿਉਂਕਿ ਟਕਸਾਲੀ ਆਗੂਆਂ ਦੀ ਬਗਾਵਤ ਖਾਸ ਕਰਕੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਸਤੀਫਾ ਤੋਂ ਬਾਅਦ ਕੋਰ ਕਮੇਟੀ ਦੀ ਇਹ ਪਹਿਲੀ ਮੀਟਿੰਗ ਹੈ। ਜ਼ਾਹਿਰ ਹੈ ਕਿ ਪਾਰਟੀ ਬਾਗੀਆਂ ਪ੍ਰਤੀ ਤਿੱਖੇ ਤੇਵਰ ਵਿਖਾਉਂਦੇ ਹੋਏ ਕੋਈ ਸਖਤ ਫੈਸਲਾ ਲੈ ਸਕਦੀ ਹੈ। 

ਇਸ ਤੋਂ ਇਲਾਵਾ ਮੀਟਿੰਗ 'ਚ ਐੱਸ. ਜੀ. ਪੀ. ਸੀ. ਪ੍ਰਧਾਨ ਤੇ ਅਹੁਦੇਦਾਰਾਂ ਦੀ ਨਵੀਂ ਚੋਣ ਹੋਣ 'ਤੇ ਵੀ ਵਿਚਾਰਾਂ ਹੋ ਸਕਦੀਆਂ ਹਨ। ਪਾਰਟੀ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਹਾਲਾਂਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੀ ਮੁੜ ਇਹ ਪ੍ਰਧਾਨਗੀ ਸੌਂਪੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ ਪਰ ਸਾਬਕਾ ਮੰਤਰੀ ਤੋਤਾ ਸਿੰਘ ਵੀ ਇਸ ਦੌੜ 'ਚ ਸ਼ਾਮਲ ਹਨ।