ਬ੍ਰਹਮਪੁਰਾ ਦੀ ਛੁੱਟੀ, ਸੁਖਬੀਰ ਲਈ ਚੁਣੌਤੀ!

11/09/2018 2:30:31 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ 'ਤੇ  ਸਿਆਸੀ ਹਮਲੇ ਕਰਨ ਵਾਲੇ ਮਾਝੇ ਦੇ ਜਰਨੈਲ ਐੱਮ. ਪੀ. ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਰਤਨ ਸਿੰਘ ਅਜਨਾਲਾ ਅੱਜ-ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਦੀਆਂ ਅੱਖਾਂ 'ਚ ਲਾਲ ਮਿਰਚਾਂ ਵਾਂਗ ਰੜਕਦੇ ਦੱਸੇ ਜਾ ਰਹੇ ਹਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ 'ਚ ਪਾਰਟੀ ਪ੍ਰਧਾਨ ਨੂੰ ਜੋ ਬੋਲ ਮਾਝੇ ਦੇ ਆਗੂਆਂ ਵਲੋਂ ਬੋਲੇ ਗਏ ਹਨ, ਉਨ੍ਹਾਂ ਨੂੰ ਸੁਣ ਕੇ ਹਾਸਾ ਤੇ ਉਨ੍ਹਾਂ ਦੀ ਬਗਾਵਤ ਦੀ ਦਲੇਰੀ ਵੀ ਉਸ ਵਿਚ ਝਲਕਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਪਾਰਟੀ ਬਾਰੇ ਬੋਲੇ ਤਿੱਖੇ ਬਿਆਨਾਂ ਤੋਂ ਖਫਾ ਦੱਸੇ ਜਾ ਰਹੇ ਹਨ।

ਜਾਣਕਾਰ ਸੂਤਰਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੂੰ ਪ੍ਰੈੱਸ ਕਾਨਫਰੰਸ ਕਰਨ 'ਤੇ ਜੀਜਾ-ਸਾਲੇ ਦੀ ਪਾਰਟੀ ਤੇ ਹੋਰ ਪਤਾ ਨਹੀਂ ਕੁੱਝ ਆਖਣ 'ਤੇ ਦੋ ਘੰਟੇ 'ਚ ਪਾਰਟੀ 'ਚੋਂ ਕੱਢ ਦਿੱਤਾ ਪਰ ਮਾਝੇ 'ਚ ਵੱਡੀ ਰੈਲੀ ਕਰਨ ਵਾਲੇ  ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾੜੇ ਸ਼ਬਦ ਵੀ ਵਰਤੇ ਤੇ ਖੁੱਲ੍ਹ ਕੇ ਬਗਾਵਤੀ ਸੁਰ ਅਲਾਪ ਕੇ ਜੋ ਰੈਲੀ ਕੀਤੀ ਹੈ, ਇਸ ਨੂੰ ਦੇਖ ਕੇ ਲੱਗਦਾ ਸੀ ਸ. ਬ੍ਰਹਮਪੁਰਾ ਤੇ ਅਜਨਾਲਾ ਦੀ ਛੁੱਟੀ ਕਰਨਾ ਉਨ੍ਹਾਂ ਲਈ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ, ਕਿਉਂਕਿ ਇਹ ਦੋਵੇਂ ਵੱਡੇ ਕੱਦ ਦੇ ਨੇਤਾ ਮਾਝੇ 'ਚ ਵੱਡਾ ਸਿਆਸੀ ਰੁਤਬਾ ਰੱਖਦੇ ਹਨ। ਇਸ ਲਈ  ਜੇਕਰ ਇਨ੍ਹਾਂ ਦੀ ਛੁੱਟੀ ਵਾਸਤੇ ਸਾਬਕਾ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਕੋਲ ਵੀ ਮਾਮਲਾ ਪੁੱਜਾ ਤਾਂ ਉਹ ਵੀ ਨਾਂਹ ਪੱਖੀ ਸਿਰ ਮਾਰ ਸਕਦੇ ਹਨ, ਕਿਉਂਕਿ ਲੰਬਾ ਸਮਾਂ ਉਨ੍ਹਾਂ ਨਾਲ ਸਿਆਸੀ ਸਾਂਝ ਰਹੀ ਹੈ। ਗੱਲ ਕੀ ਸੁਖਬੀਰ ਬਾਦਲ ਲਈ ਇਨ੍ਹਾਂ ਦੋਵੇਂ ਨੇਤਾਵਾਂ ਨੂੰ ਪਾਰਟੀ 'ਚੋਂ ਕੱਢਣਾ ਦੀ ਇਕ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਜਦੋਂ ਇਸ ਬਾਰੇ ਪਾਰਟੀ ਦੇ ਸਕੱਤਰ ਦਲਜੀਤ ਸਿੰਘ ਚੀਮਾ ਤੋਂ ਪੁੱਛਿਆ ਕਿ ਬ੍ਰਹਮਪੁਰਾ ਖਿਲਾਫ ਕਾਰਵਾਈ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਇਹ ਪੀ. ਏ. ਸੀ. ਫੈਸਲਾ ਕਰੇਗੀ। ਮੈਂ ਇਸ ਬਾਰੇ ਕੁੱਝ ਨਹੀਂ ਬੋਲਣਾ।

Babita

This news is Content Editor Babita