ਹਰ ਗੱਲ ''ਤੇ ਕੈਪਟਨ ਦਾ ''ਡਾਂਗ ਮਾਰੋ'' ਤਰੀਕਾ : ਸੁਖਬੀਰ ਬਾਦਲ

10/16/2018 2:28:27 PM

ਚੰਡੀਗੜ੍ਹ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਾਨਾਸ਼ਾਹੀ ਰਵੱਈਏ ਬਾਰੇ ਬੋਲਦਿਆਂ ਕਿਹਾ ਹੈ ਕਿ ਹਰ ਇਕ ਮਾਮਲੇ 'ਤੇ ਕੈਪਟਨ 'ਡਾਂਗ ਮਾਰੋ' ਵਾਲਾ ਤਰੀਕਾ ਹੀ ਅਪਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲਾਅ ਅਤੇ ਆਰਡਰ ਦੀ ਕੋਈ ਸਥਿਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਧਿਆਪਕ ਹੋਣ ਜਾਂ ਕਿਸਾਨ, ਪੰਜਾਬ ਸਰਕਾਰ ਖਿਲਾਫ ਵਿਰੋਧ ਕਰਨ 'ਤੇ ਕੈਪਟਨ ਵਲੋਂ ਉਨ੍ਹਾਂ 'ਤੇ ਲਾਠੀਆਂ ਮਾਰਨ ਦੇ ਹੁਕਮ ਦੇ ਦਿੱਤੇ ਜਾਂਦੇ ਹਨ, ਜੋ ਕਿ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਕੈਪਟਨ ਗਰੀਬਾਂ, ਮਜ਼ਦੂਰਾਂ, ਅਧਿਆਪਕਾਂ ਤੇ ਕਿਸਾਨਾਂ ਨੂੰ ਕਦੇ ਦਿਖਾਈ ਹੀ ਨਹੀਂ ਦਿੰਦੇ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਰਮਚਾਰੀਆਂ ਦੇ ਡੀ. ਏ., ਪੀ. ਐੱਫ. ਦੀ ਰਕਮ ਬਕਾਇਆ ਪਈ ਹੈ ਪਰ ਕੈਪਟਨ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾਂਦਾ ਹੈ ਪਰ ਘੱਟੋ-ਘੱਟੋ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੋਈ ਮੁਆਵਜ਼ਾ ਤਾਂ ਦਿੱਤਾ ਜਾਵੇ ਪਰ ਕੈਪਟਨ ਸਾਹਿਬ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਐੱਸ. ਸੀ. ਵਿਦਿਆਰਥੀਆਂ ਦੀ ਕੇਂਦਰ ਸਰਕਾਰ ਵਲੋਂ ਆਈ ਕਰੋੜਾਂ ਦੀ ਰਾਸ਼ੀ ਪੰਜਾਬ ਸਰਕਾਰ ਨੇ ਇਧਰ-ਉਧਰ ਖਰਚ ਕਰ ਦਿੱਤੀ ਹੈ ਅਤੇ ਹੁਣ ਐੱਸ. ਸੀ. ਵਿਦਿਆਰਥੀਆਂ ਨੂੰ ਕਾਲਜਾਂ 'ਚ ਦਾਖਲਾ ਵੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਾਰੇ ਕੈਪਟਨ ਨੂੰ ਕੋਈ ਪਰਵਾਹ ਨਹੀਂ ਹੈ।