''ਸਿੱਖਾਂ'' ਦੀ ਵੱਖਰੀ ਪਛਾਣ ਸਬੰਧੀ ਬਿੱਲ ਪੇਸ਼ ਕਰਨਗੇ ਸੁਖਬੀਰ ਬਾਦਲ

01/04/2018 12:57:58 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਵੱਖਰੀ ਪਛਾਣ ਲਈ ਸੰਵਿਧਾਨ 'ਚ ਸੋਧ ਕਰਨ ਸਬੰਧੀ ਲੋਕ ਸਭਾ 'ਚ ਬਿੱਲ ਪੇਸ਼ ਕਰੇਗਾ। ਇਸ ਗੱਲ ਦਾ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਦਿਆਂ ਕਿਹਾ ਕਿ ਸੰਵਿਧਾਨ ਦੀ ਧਾਰਾ-25 'ਚ ਸੋਧ ਸਬੰਧੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਪਾਰਟੀਆਂ ਤੱਕ ਪਹੁੰਚ ਕਰਨਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖਾਂ ਦਾ ਆਪਣਾ ਆਜ਼ਾਦ ਧਰਮ ਹੈ, ਇਸ ਲਈ ਉਨ੍ਹਾਂ ਨੂੰ ਇਕ ਵੱਖਰੀ ਪਛਾਣ ਦੀ ਲੋੜ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ ਪਰ ਇਹ ਸਾਡੇ ਲਈ ਇਕ ਵੱਡਾ ਮੁੱਦਾ ਹੈ ਅਤੇ ਅਸੀਂ ਇਸ ਦੇ ਲਈ ਲੜਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਹ ਕੋਈ ਨਵੀਂ ਮੰਗ ਨਹੀਂ ਹੈ, ਸਗੋਂ ਉਸ ਸਮੇਂ ਤੋਂ ਸਿੱਖੀ ਨੂੰ ਵੱਖਰਾ ਧਰਮ ਬਣਾਉਣ ਲਈ ਮੰਗ ਕੀਤੀ ਜਾ ਰਹੀ ਹੈ, ਜਿਸ ਸਮੇਂ ਸਿੱਖਾਂ ਨੂੰ ਦਬਾਉਣ ਲਈ ਖਾਲਿਸਤਾਨ ਦੀ ਮੰਗ ਉੱਠੀ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਕਈ ਵਾਰ ਇਹ ਮੁੱੱਦਾ ਲੋਕ ਸਭਾ 'ਚ ਚੁੱਕਿਆ ਗਿਆ ਹੈ।