84 ਦੰਗਿਆਂ ''ਤੇ ਬਣੇ ਹਰ ਕਮਿਸ਼ਨ ''ਤੇ ਦਬਾਅ ਬਣਾਇਆ ਗਿਆ : ਸੁਖਬੀਰ ਬਾਦਲ

12/19/2018 4:33:01 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਬੁੱਧਵਾਰ ਨੂੰ ਹੋਈ। ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਸੁਖਬੀਰ ਬਾਦਲ ਨੇ 1984 ਦੰਗਿਆਂ ਦੇ ਮਾਮਲੇ 'ਚ ਬੋਲਦਿਆਂ ਕਿਹਾ ਕਿ 34 ਸਾਲਾਂ ਦੇ ਲੰਬੇ ਸਮੇਂ ਬਾਅਦ ਸਿੱਖ ਕੌਮ ਨੂੰ ਇਨਸਾਫ ਮਿਲਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਂਦੇ ਸਮੇਂ ਜੱਜ ਨੇ ਵੀ ਇਹ ਮੰਨਿਆ ਸੀ ਕਿ ਸਿਆਸਤ ਦੇ ਚੱਲਦਿਆਂ ਹੁਣ ਤੱਕ ਸੱਜਣ ਕੁਮਾਰ ਨੂੰ ਬਚਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡੀਆਂ ਕੋਸ਼ਿਸ਼ਾਂ ਤੋਂ ਬਾਅਦ ਹੀ ਇਸ ਕੇਸ ਨੂੰ ਖੋਲ੍ਹਿਆ ਗਿਆ ਸੀ, ਜਦੋਂ ਕਿ ਕਾਂਗਰਸ ਦੇ ਸਮੇਂ 84 ਮਾਮਲੇ ਦੇ ਦੋਸ਼ੀਆਂ 'ਤੇ ਇਕ ਵੀ ਕੇਸ ਦਰਜ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਨੇ ਵੀ ਖੁਦ ਮੰਨਿਆ ਸੀ ਕਿ ਉਸ ਦਿਨ ਉਹ ਦਿੱਲੀ 'ਚ ਹੀ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਜਿੰਨੇ ਵੀ ਕਮਿਸ਼ਨ ਬਣਾਏ ਗਏ, ਉਨ੍ਹਾਂ 'ਤੇ ਦਬਾਅ ਪਾਇਆ ਗਿਆ ਸੀ, ਜਿਸ ਕਾਰਨ ਸਿੱਖ ਕੌਮ ਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਸਕਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਬਾਕੀ ਦੋਸ਼ੀਆਂ ਨੂੰ ਵੀ ਇਸੇ ਤਰ੍ਹਾਂ ਹੀ ਸਜ਼ਾ ਮਿਲਣੀ ਚਾਹੀਦੀ ਹੈ। 
 

Babita

This news is Content Editor Babita