ਸੁਖਬੀਰ ਵਲੋਂ ਅਸਤੀਫੇ ਦੀ ਪੇਸ਼ਕਸ਼ ''ਤੇ ਆਇਆ ਚੀਮਾ ਦਾ ਪ੍ਰਤੀਕਰਮ

10/28/2018 4:21:10 PM

ਜਲੰਧਰ (ਸੋਨੂੰ) : ਸੁਖਬੀਰ ਬਾਦਲ ਵਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕੇਸ਼ 'ਤੇ ਦਿੱਤੇ ਬਿਆਨ 'ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਹੈ ਕਿ ਸੁਖਬੀਰ ਨੂੰ ਇਹ ਅਸਤੀਫਾ ਪਹਿਲਾਂ ਹੀ ਦੇ ਦੇਣਾ ਚਾਹੀਦਾ ਸੀ। ਜਲੰਧਰ ਪਹੁੰਚੇ ਚੀਮਾ ਨੇ ਕਿਹਾ ਕਿ ਜਿਸ ਸਮੇਂ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ ਸੀ, ਉਸ ਸਮੇਂ ਸੁਖਬੀਰ ਬਾਦਲ ਕੋਲ ਗ੍ਰਹਿ ਵਿਭਾਗ ਸੀ, ਇਸ ਲਈ ਉਸ ਸਮੇਂ ਹੀ ਸੁਖਬੀਰ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਸੀ। ਚੀਮਾ ਨੇ ਕਿਹਾ ਕਿ 10 ਸਾਲ ਪੰਜਾਬ 'ਤੇ ਰਾਜ ਕਰਨ ਵਾਲੇ ਸੁਖਬੀਰ ਬਾਦਲ ਨੇ ਸੂਬੇ ਦੀ ਖੂਬ ਲੁੱਟ ਕੀਤੀ ਹੈ। 

ਇਸ ਦੇ ਨਾਲ ਸੁਖਪਾਲ ਖਹਿਰਾ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਸੰਬੰਧੀ ਦਿੱਤੇ ਗਏ ਬਿਆਨ 'ਤੇ ਚੀਮਾ ਨੇ ਕਿਹਾ ਕਿ ਜਿਸ ਸਮੇਂ ਸ਼ਾਹਪੁਰ ਚੋਣਾਂ ਹੋਈਆਂ ਸਨ, ਉਸ ਸਮੇਂ ਖਹਿਰਾ ਹੀ ਵਿਰੋਧੀ ਧਿਰ ਦੇ ਆਗੂ ਸਨ, ਇੰਨਾ ਹੀ ਨਹੀਂ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਟਿਕਟ ਖਹਿਰਾ ਨੇ ਹੀ ਦਿੱਤੀ ਸੀ।