ਸੁਖਬੀਰ ਵੱਲੋਂ ਇਸ਼ਾਰਿਆਂ ''ਚ ਦਾਖਾ ਲਈ ਇਆਲੀ ਦੇ ਨਾਂ ''ਤੇ ਮੁਹਰ!

09/15/2019 6:36:05 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਪੀ. ਏ. ਸੀ. ਦੀ ਮੀਟਿੰਗ ਵਿਚ ਫੈਸਲਾ ਲੈਣਾ ਹੈ ਕਿ ਜ਼ਿਮਨੀ ਚੋਣ ਹਲਕਾ ਦਾਖਾ ਤੇ ਜਲਾਲਾਬਾਦ ਤੋਂ ਪਾਰਟੀ ਦੇ ਉਮੀਦਵਾਰ ਕੌਣ ਹੋਣਗੇ ਪਰ ਲੰਘੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ਼ਾਰੇ ਹੀ ਇਸ਼ਾਰੇ ਵਿਚ ਹਲਕਾ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਦੇ ਨਾਂ 'ਤੇ ਮੁਹਰ ਲਾ ਦਿੱਤੀ ਅਤੇ ਕਿਹਾ ਕਿ ਇਆਲੀ ਦੀ ਪਿੱਠ 'ਤੇ ਖੜ੍ਹ ਜਾਓ ਅਤੇ ਹਲਕੇ ਦੇ ਲੋਕਾਂ ਨੂੰ ਵੀ ਕਿਹਾ ਕਿ ਤੁਹਾਨੂੰ ਪੜ੍ਹਿਆ-ਲਿਖਿਆ ਤੇ ਕਾਬਲ ਉਮੀਦਵਾਰ ਮਿਲਿਆ ਹੈ। ਇਸ ਗੱਲ ਨਾਲ ਮਨਪ੍ਰੀਤ ਸਿੰਘ ਇਆਲੀ ਦੇ ਨਾਂ 'ਤੇ ਮੁਹਰ ਲੱਗ ਚੁੱਕੀ ਹੈ।

ਭਾਵੇਂ ਰਸਮੀ ਤੌਰ 'ਤੇ ਫੈਸਲਾ ਪੀ. ਏ. ਸੀ. ਦੀ ਮੀਟਿੰਗ ਕਰੇਗੀ ਪਰ ਬਾਦਲ ਨੇ ਇਆਲੀ ਦੇ ਨਾਂ 'ਤੇ ਮੁਹਰ ਲਾ ਕੇ ਉਨ੍ਹਾਂ ਨੂੰ ਮੋਰਚਾ ਸੰਭਾਲਣ ਦਾ ਸੰਕੇਤ ਦੇ ਦਿੱਤਾ ਹੈ ਜਦਕਿ ਇਸ ਹਲਕੇ ਵਿਚ ਕਾਂਗਰਸ ਪਾਰਟੀ 17 ਸਤੰਬਰ ਦੇ ਨੇੜੇ-ਤੇੜੇ ਕਿਸੇ ਸਥਾਨਕ ਆਗੂ 'ਤੇ ਟਿਕਟ ਦਾ ਗੁਣੀਆ ਪਾਉਣ ਦੀ ਤਿਆਰੀ ਵਿਚ ਦੱਸੀ ਜਾ ਰਹੀ ਹੈ। ਜੋ ਰਾਜਸੀ ਹਲਕਿਆਂ ਵਿਚ ਬਾਹਰਲੇ ਉਮੀਦਵਾਰ ਜਾਂ ਵੱਡੇ ਚਿਹਰੇ ਦੀ ਗੱਲ ਉੱਡ ਰਹੀ ਹੈ, ਉਸ ਵਿਚ ਸੱਚਾਈ ਨਜ਼ਰ ਨਹੀਂ ਆ ਰਹੀ ਕਿਉਂਕਿ ਹਲਕਾ ਦਾਖਾ ਦੇ ਵੋਟਰ ਪਹਿਲਾਂ ਹੀ ਬਾਹਰਲੇ ਐੱਮ. ਐੱਲ. ਏ. ਦਾ ਸਵਾਦ ਦੇਖ ਚੁੱਕੇ ਹਨ।

ਬਾਕੀ ਇਸ ਹਲਕੇ ਤੋਂ ਬੈਂਸ ਤੇ 'ਆਪ' ਦਾ ਉਮੀਦਵਾਰ ਵੀ ਜਲਦੀ ਹੀ ਜਗ ਜ਼ਾਹਰ ਹੋ ਜਾਵੇਗਾ। ਇਸ ਹਲਕੇ ਵਿਚ ਭਾਵੇਂ ਲੋਕ ਸਭਾ ਚੋਣਾਂ ਮੌਕੇ ਬੈਂਸ ਦੀ ਚੜ੍ਹਤ ਰਹੀ ਹੈ ਪਰ ਹੁਣ ਜ਼ਿਮਨੀ ਚੋਣਾਂ ਮੌਕੇ ਕਾਂਗਰਸ ਅਤੇ ਅਕਾਲੀ ਦਲ ਦਾ ਪੇਚਾ ਪਵੇਗਾ ਤੇ ਬੈਂਸ ਦਾ ਉਮੀਦਵਾਰ ਵੀ ਮੈਦਾਨ ਵਿਚ ਉਤਰੇਗਾ।

Gurminder Singh

This news is Content Editor Gurminder Singh