ਸੁਖਬੀਰ ਬਾਦਲ ਦੀ ਹੱਲਾਸ਼ੇਰੀ ਨੇ ਵਧਾਏ ਅਕਾਲੀਆਂ ਦੇ ਹੌਂਸਲੇ, ਲੋਕਾਂ ''ਚ ਵਧਣ ਲੱਗਾ ਹੇਜ

08/25/2020 3:53:19 PM

ਧਰਮਕੋਟ (ਦਵਿੰਦਰ ਅਕਾਲੀਆਂ ਵਾਲਾ) : ਪੰਜਾਬ ਵਿਚ ਇਸ ਸਮੇਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਜਿਥੇ ਸਹਿਮ ਬਣਿਆ ਹੋਇਆ ਹੈ, ਉੱਥੇ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਵੀ ਖਿੱਚ ਦਾ ਕੇਂਦਰ ਬਣ ਚੁੱਕੀਆਂ ਹਨ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਅਗਲੇ ਸਾਲ ਦੇ ਸ਼ੁਰੂ ਵਿਚ ਚਾਰ ਸਾਲ ਪੂਰੇ ਕਰ ਜਾਵੇਗੀ, ਪ੍ਰੰਤੂ ਸਰਕਾਰ ਵਲੋਂ ਅਜੇ ਤੱਕ ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਕੋਈ ਵੀ ਅਜਿਹੀ ਨਾ ਤਾਂ ਸਰਗਰਮੀ ਦਿਖਾਈ ਜਾ ਰਹੀ ਹੈ ਨਾ ਹੀ ਕੋਈ ਵਿਉਂਤਬੰਦੀ ਕੀਤੀ ਜਾ ਰਹੀ ਹੈ, ਜਿਹੜੀਆਂ ਕਿ ਅਕਸਰ ਹੀ ਸੱਤਾ ਧਿਰ ਵਿਚ ਰਹਿੰਦਿਆਂ ਪਾਰਟੀਆਂ ਚੋਣਾਂ ਨੇੜੇ ਆ ਕੇ ਦਿਖਾਉਂਦੀਆਂ ਹਨ।

ਇਹ ਵੀ ਪੜ੍ਹੋ :  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ 'ਤੇ ਤਾਇਨਾਤ 8 ਹੋਰ ਮੁਲਾਜ਼ਮ ਆਏ ਪਾਜ਼ੇਟਿਵ

ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਯੋਧਿਆਂ ਨੂੰ ਇਸ ਕਦਰ ਸਰਗਰਮ ਕਰ ਦਿੱਤਾ ਹੈ ਕਿ ਉਹ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਨੇੜੇ ਇਸ ਕਦਰ ਪੁੱਜਣ ਲੱਗਾ ਹੈ ਕਿ ਜਨਤਾ ਵਿਚ ਅਕਾਲੀ ਦਲ ਦੇ ਪ੍ਰਤੀ ਹੇਜ ਫਿਰ ਪ੍ਰਗਟ ਹੋਣ ਲੱਗਾ ਹੈ। ਕਾਂਗਰਸ ਪਾਰਟੀ ਦੀ ਸਰਕਾਰ ਜਿਸ ਨੇ ਲੋਕਾਂ ਨੂੰ ਕਣਕ-ਦਾਲ ਤੋਂ ਇਲਾਵਾ ਘਿਓ ਅਤੇ ਚਾਹ ਮਿੱਠਾ ਦੇਣ ਦਾ ਵੀ ਐਲਾਨ ਕੀਤਾ ਸੀ, ਪ੍ਰੰਤੂ ਅਜੇ ਤੱਕ ਨੀਲੇ ਕਾਰਡ ਹੋਲਡਰਾਂ ਨੂੰ ਇਹ ਸਹੂਲਤਾਂ ਪ੍ਰਾਪਤ ਨਹੀਂ ਹੋ ਸਕੀਆਂ। ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਸਰਗਰਮ ਹੈ ਉਹ ਲੋਕਾਂ ਨੂੰ ਦਲੀਲ ਦੇ ਰਿਹਾ ਹੈ ਕਿ ਅਜਿਹਾ ਕੁੱਝ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੀ ਦੇਣ ਹੈ, ਜਦੋਂ ਕਿ ਕੈਪਟਨ ਸਰਕਾਰ ਨੇ ਆਪਣੇ ਰਾਜ ਵਿਚ ਕੁੱਝ ਨਵਾਂ ਸ਼ੁਰੂ ਨਹੀਂ ਕੀਤਾ। ਲੋਕ ਇਸ ਗੱਲ ਨੂੰ ਸਵੀਕਾਰ ਵੀ ਕਰ ਰਹੇ ਹਨ। ਅਕਾਲੀ ਦਲ ਇਸ ਸਹੂਲਤ ਨੂੰ ਬਚਾਉਣ ਅਤੇ ਪੂਰੀ ਮਾਤਰਾ ਵਿਚ ਲਾਗੂ ਕਰਵਾਉਣ ਲਈ ਲੋਕਾਂ ਦੇ ਨਾਲ ਡਟ ਖਲੋਤਾ ਹੈ।

ਇਹ ਵੀ ਪੜ੍ਹੋ :  ਬਾਦਲ ਧੜ੍ਹੇ ਨੂੰ ਢੀਂਡਸਿਆਂ ਦਾ ਇਕ ਹੋਰ ਵੱਡਾ ਝਟਕਾ

ਪਿਛਲੇ ਇਕ ਮਹੀਨੇ ਦੌਰਾਨ ਅਕਾਲੀ ਦਲ ਵਲੋਂ ਪਿੰਡ ਪੱਧਰੀ ਰੋਸ ਮੁਜ਼ਾਹਰੇ ਕਰ ਕੇ ਜਿਥੇ ਵਰਕਰਾਂ ਨੂੰ ਵੱਡੇ ਪੱਧਰ 'ਤੇ ਹਲੂਣਾ ਦਿੱਤਾ ਗਿਆ ਹੈ, ਉੱਥੇ ਇਸ ਗਤੀਵਿਧੀ ਨੇ ਇਕ ਵਾਰ ਹਵਾ ਦਾ ਰੁਖ਼ ਅਕਾਲੀ ਦਲ ਪੱਖੀ ਕਰ ਦਿੱਤਾ ਹੈ ਅਤੇ ਪਿੰਡ ਦੀਆਂ ਸੱਥਾਂ ਵਿਚ ਇਹ ਗੱਲ ਆਮ ਹੀ ਪ੍ਰਗਟ ਹੋਣ ਲੱਗੀ ਹੈ ਕਿ ਆਉਣ ਵਾਲੀ ਸਰਕਾਰ ਅਕਾਲੀ ਦਲ ਬਣਾਉਣ ਜਾ ਰਿਹਾ ਹੈ। ਜੇਕਰ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਬਿਲਕੁੱਲ ਹੀ ਮੁੱਦਾਹੀਣ ਹੋ ਚੁੱਕੀ ਹੈ। ਪੰਜਾਬ ਵਿਚ ਦੋਵਾਂ ਰਵਾਇਤੀ ਪਾਰਟੀਆਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਉਹ ਰੰਗ ਨਹੀਂ ਦਿਖਾ ਸਕੀ, ਜੋ ਦਿਖਾਉਣੇ ਚਾਹੀਦੇ ਹਨ ਜਿਸ ਦਾ ਮੁੱਖ ਕਾਰਨ 'ਆਪ' ਵਲੋਂ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਮੁਤਾਬਕ ਲੋਕਾਂ ਨੂੰ ਢਾਂਚਾ ਹੀ ਤਿਆਰ ਨਹੀਂ ਕਰ ਕੇ ਦੇ ਸਕੀ।

ਇਹ ਵੀ ਪੜ੍ਹੋ :  ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਵਿਵਾਦ 'ਤੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ

ਕੈਪਟਨ ਦੀ ਪੰਜਾਬੀਆਂ ਤੋਂ ਦੂਰੀ ਬਣ ਰਹੀ ਹੈ ਕਾਂਗਰਸ ਲਈ ਸ਼ਰਾਪ
ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਤੋਂ ਬਣਾਈ ਗਈ ਦੂਰੀ ਜਿਥੇ ਉਨ੍ਹਾਂ ਲਈ ਸਰਾਪ ਬਣਦੀ ਨਜ਼ਰ ਆ ਰਹੀ ਹੈ, ਉੱਥੇ ਕਾਂਗਰਸ ਪਾਰਟੀ ਵਿਚ ਟਕਸਾਲੀ ਵਰਕਰਾਂ ਅਤੇ ਆਗੂਆਂ ਦੀ ਵੀ ਪੁੱਛ-ਗਿੱਛ ਨਹੀਂ ਹੋ ਰਹੀ ਜਿਸ ਕਾਰਨ ਕੁੱਝ ਗਿਣਵੇਂ ਆਗੂ ਹੀ ਪਾਰਟੀ ਵਿਚ ਚੰਮ ਦੀਆਂ ਚਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੰਮਕਾਜ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ ਉਹ ਲੋਕ ਸੱਥਾਂ ਵਿਚ ਜਾ ਕੇ ਬੈਠ ਜਾਂਦੇ ਸਨ, ਪ੍ਰੰਤੂ ਕੈਪਟਨ ਕੋਲ ਤਾਂ ਆਪਣੇ ਵਿਧਾਇਕਾਂ ਨੂੰ ਮਿਲਣ ਲਈ ਵੀ ਵਿਹਲ ਨਹੀਂ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੁੱਝ ਵਿਧਾਇਕਾਂ ਦੇ ਪੀ. ਏ. ਕੁਝ ਅਜਿਹੇ ਕਾਰਜਾਂ ਵਿਚ ਲੱਗੇ ਹੋਏ ਹਨ ਜਿਸ ਨਾਲ ਵੀ ਪਾਰਟੀ ਦੀ ਛਵੀ ਖਰਾਬ ਹੋ ਰਹੀ ਹੈ। ਇਥੋਂ ਤੱਕ ਕਿ ਬਹੁਤੇ ਵਿਧਾਇਕਾਂ ਦੇ ਪੀ. ਏ. ਲੋਕਾਂ ਦੇ ਫ਼ੋਨ ਤੱਕ ਨਹੀਂ ਚੁੱਕਦੇ।

ਇਹ ਵੀ ਪੜ੍ਹੋ :  ਪੰਜ ਸਿੰਘ ਸਾਹਿਬਾਨਾਂ ਦਾ ਸਖ਼ਤ ਰੁੱਖ, ਗਿਆਨੀ ਇਕਬਾਲ ਸਿੰਘ ਤੇ ਸੁੱਚਾ ਸਿੰਘ ਲੰਗਾਹ ਮਾਮਲੇ 'ਚ ਦੋ ਟੁੱਕ  

ਕੈਪਟਨ ਸਰਕਾਰ 'ਚ ਲੋਕ ਉਲਝੇ : ਸੰਧੂ
ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਹਰ ਪੱਖ ਤੋਂ ਫੇਲ ਸਾਬਤ ਹੋ ਚੁੱਕੀ ਹੈ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਜਗ੍ਹਾ ਕੋਰੋਨਾ ਮਹਾਮਾਰੀ ਦੇ ਨਾਂ 'ਤੇ ਲੋਕਾਂ ਨੂੰ ਉਲਝਾ ਰਹੀ ਹੈ। ਲੋਕਾਂ ਦਾ ਰੋਹ ਇਸ ਸਰਕਾਰ ਪ੍ਰਤੀ ਆਏ ਦਿਨ ਪ੍ਰਚੰਡ ਹੋ ਰਿਹਾ ਹੈ, ਪ੍ਰੰਤੂ ਲੋਕਾਂ ਦੇ ਰੋਹ ਤੋਂ ਬਚਣ ਲਈ ਲੋਕਾਂ ਸਿਰ ਜਬਰੀ ਹੁਕਮਾਂ ਨੂੰ ਥੋਪ ਰਹੀ ਹੈ।

ਕੈਪਟਨ ਸਰਕਾਰ ਨੂੰ ਤਾਂ ਆਪਣੇ ਕੋਸ ਰਹੇ ਹਨ : ਸਿੱਧੂ
ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਸਰਕਾਰ ਦੇ ਵਜ਼ੀਰ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਆਪਣੀ ਸਰਕਾਰ ਨੂੰ ਕੋਸਣ ਉਹ ਲੋਕਾਂ ਨੂੰ ਕੀ ਸੇਧ ਅਤੇ ਸਹੂਲਤਾਂ ਦੇ ਸਕਦੀ ਹੈ, ਅਜਿਹਾ ਹਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਹੈ, ਜਿਸ ਨੇ ਸੱਤਾ ਪ੍ਰਾਪਤੀ ਲਈ ਲੋਕਾਂ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ ਹੈ।

ਇਹ ਵੀ ਪੜ੍ਹੋ :  ਪੂਰੀ ਦੁਨੀਆ 'ਚ ਵੱਖਰੀ ਮਾਨਤਾ ਰੱਖਦਾ ਹੈ ਅੰਮ੍ਰਿਤਸਰ ਦਾ ਇਹ ਗੁਰਦੁਆਰਾ, ਚੜ੍ਹਦਾ ਹੈ ਨਾਰੀਅਲ ਦਾ ਪ੍ਰਸ਼ਾਦ

ਹਰੇਕ ਵਰਗ ਸੰਘਰਸ਼ਾਂ ਦੇ ਰਾਹ 'ਤੇ : ਬਾਬਾ
ਸਰਕਲ ਢੋਲੇਵਾਲਾ ਦੇ ਪ੍ਰਧਾਨ ਮਨਜਿੰਦਰ ਸਿੰਘ ਬਾਬਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ ਜਿਸ ਨੂੰ ਠੱਲ੍ਹਣ ਲਈ ਕੈਪਟਨ ਸਰਕਾਰ ਕੋਰੋਨਾ ਮਹਾਮਾਰੀ ਦੇ ਨਾਂ 'ਤੇ ਰੋਕਾਂ ਲਗਾ ਰਹੀ ਹੈ, ਜੋ ਕਿ ਇਕ ਅਨਿਆਂ ਹੈ, ਕਿਉਂਕਿ ਅੱਜ ਪੰਜਾਬ ਦਾ ਹਰੇਕ ਵਰਗ ਸੰਘਰਸ਼ਾਂ ਦੇ ਰਾਹ 'ਤੇ ਹੈ।

ਇਹ ਵੀ ਪੜ੍ਹੋ :  ਲੁਧਿਆਣਾ 'ਚ ਫਿਰ ਵੱਡੀ ਵਾਰਦਾਤ, ਹੁਣ ਏ. ਐੱਸ. ਆਈ. 'ਤੇ ਕੀਤਾ ਤਲਵਾਰ ਨਾਲ ਹਮਲਾ

Gurminder Singh

This news is Content Editor Gurminder Singh