ਸੁਖਬੀਰ, ਜਾਖੜ ਹੋਏ ਸਰਗਰਮ, ਮਾਲਵਾ ਕਿਧਰੇ ਬਣ ਨਾ ਜਾਵੇ ''ਜੰਗ'' ਦਾ ਮੈਦਾਨ!

09/07/2018 12:39:09 PM

ਲੁਧਿਆਣਾ(ਮੁੱਲਾਂਪੁਰੀ)— ਪੰਜਾਬ ਦੇ ਮਾਲਵਾ ਖੇਤਰ 'ਚ ਅੱਜਕਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਲੰਬੇ ਸਮੇਂ ਤੋਂ ਗਰਮ ਦਲੀਏ ਤੇ ਸਿੱਖ ਸਮਾਜ ਦੇ ਆਗੂ ਬੈਠੇ ਹਨ। ਇਸ ਇਲਾਕੇ 'ਚ ਹੁਣ ਕਾਂਗਰਸ ਤੇ ਅਕਾਲੀ ਦਲ ਵੀ ਆਪਣੀ ਤਾਕਤ ਦਿਖਾਉਣ ਜਾ ਰਿਹਾ ਹੈ।

ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਬੋਹਰ ਤੇ ਫਰੀਦਕੋਟ 'ਚ ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ ਅਤੇ ਬੀਤੇ ਦਿਨ ਜਾਖੜ ਦੇ ਪਿੰਡ ਜਾ ਕੇ ਸਿਆਸੀ ਲਲਕਾਰਾ ਵੀ ਮਾਰ ਦਿੱਤਾ। ਇਨ੍ਹਾਂ ਰੈਲੀਆਂ 'ਚ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਤੇ ਆਪਣਾ ਪੱਖ ਲੋਕਾਂ 'ਚ ਰੱਖੇਗਾ।

ਦੂਜੇ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਆਪਣੇ ਸਾਥੀਆਂ ਤੇ ਕੈਬਨਿਟ ਮੰਤਰੀਆਂ ਨਾਲ ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੂਰਾ ਦੇ ਉਨ੍ਹਾਂ ਥਾਵਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਨ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਉਥੇ ਲਿਜਾ ਕੇ ਲੋਕਾਂ ਸਾਹਮਣੇ ਰੱਖਣਗੇ। ਸੁਖਬੀਰ ਵਲੋਂ ਜਾਖੜ ਦੇ ਪਿੰਡ ਜਾ ਕੇ ਮੀਟਿੰਗ ਕਰਨਾ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਅਕਾਲੀਆਂ ਨੂੰ ਪਿੰਡਾਂ ਵਿਚ ਨਾ ਵੜਨ ਦੇਣ ਦੀ ਬਿਆਨਬਾਜ਼ੀ ਦੋਵਾਂ ਵੱਡੇ ਨੇਤਾਵਾਂ ਵਿਚ ਇਕ ਵੱਡੀ ਸਿਆਸੀ ਜੰਗ ਅਤੇ ਖਿੱਚੋਤਾਣ ਪੈਦਾ ਕਰ ਸਕਦੀ ਹੈ ਜਿਸ 'ਤੇ ਸਿਆਸੀ ਮਾਹਿਰਾਂ ਨੇ ਕਿਹਾ ਕਿ ਕਿਧਰੇ ਸ਼ਾਂਤ ਪੰਜਾਬ ਵਿਚ ਦੋਵਾਂ ਵੱਡੀਆਂ ਪਾਰਟੀਆਂ ਦੇ ਵਰਕਰ ਆਪਣੇ ਨੇਤਾਵਾਂ ਦੇ ਜੋਸ਼ ਅੱਗੇ ਇਕ-ਦੂਜੇ ਦੇ ਸਿਆਸੀ ਦੁਸ਼ਮਣ ਨਾ ਬਣ ਜਾਣ। ਇਸ ਲਈ ਦੋਵਾਂ ਪਾਰਟੀਆਂ ਦੇ ਨੇਤਾਵਾਂ ਨੂੰ ਸੋਚ ਤੇ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ।