ਨੌਜਵਾਨਾਂ ਨੇ ਰੇਲਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ

08/26/2018 2:27:03 AM

ਬਠਿੰਡਾ, (ਸੁਖਵਿੰਦਰ)-ਇਕ ਨੌਜਵਾਨ ਨੇ ਰੇਲਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਬਠਿੰਡਾ-ਦਿੱਲੀ ਰੇਲਵੇ ਲਾਈਨ ’ਤੇ ਛਾਉਣੀ ਨਜ਼ਦੀਕ 1 ਮੋਟਰਸਾਈਕਲ ਸਵਾਰ ਨੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਹਾਦਸੇ ਦੌਰਾਨ ਮ੍ਰਿਤਕ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ। ਸੂਚਨਾ ਮਿਲਣ ’ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮਨੀ ਸ਼ਰਮਾ, ਸੰਦੀਪ ਗਿੱਲ ਅਤੇ ਜੀ. ਆਰ. ਪੀ. ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਮ੍ਰਿਤਕ ਦੀ ਜੇਬ ’ਚ ਪਏ ਮੋਬਾਇਲ ਨਾਲ ਨੌਜਵਾਨ ਦੀ ਪਛਾਣ ਵਿਕਰਮਜੀਤ ਸਿੰਘ ਬਰਾਡ਼ ਪੁੱਤਰ ਮੋਹਰ ਸਿੰਘ (38) ਵਾਸੀ ਮਾਡਲ ਟਾਊਨ ਫੇਜ 2 ਵਜੋਂ ਹੋਈ। ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।
ਰਾਮਾਂ ਮੰਡੀ, (ਪਰਮਜੀਤ)-ਸਥਾਨਕ ਸ਼ਹਿਰ ਦੇ ਰਾਮਾਂ-ਬਠਿੰਡਾ ਰੇਲ ਲਾਈਨ ’ਤੇ ਰੇਲਗੱਡੀ ਹੇਠਾਂ ਆ ਕੇ ਇਕ ਨੌਜਵਾਨ  ਦਾ ਖੁਦਕੁਸ਼ੀ ਕਰਨ ਦਾ ਮਾਮਲਾ ਧਿਆਨ ਵਿਚ ਆਇਆ ਹੈ। ਸੂਚਨਾ ਮਿਲਦੇ ਹੀ ਸਥਾਨਕ ਸ਼ਹਿਰ ਦੀ ਸਮਾਜਸੇਵੀ ਹੈਲਪਲਾਈਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਬੌਬੀ ਲੈਹਰੀ, ਲਲਿਤ ਬਖਤੂ, ਜੱਗੀ ਸਿੱਧੂ ਅਤੇ ਵਿਵੇਕ ਬਾਂਸਲ ਸਮੇਤ ਐਂਬੂਲੈਂਸ ਅਤੇ ਜੀ. ਆਰ. ਪੀ. ਰੇਲਵੇ ਸਟੇਸ਼ਨ  ਦੇ ਕਾਂਸਟੇਬਲ ਪਵਨ ਕੁਮਾਰ, ਏ. ਐੱਸ. ਆਈ. ਮਲਕੀਤ ਸਿੰਘ ਉਕਤ ਸਥਾਨ ’ਤੇ ਪਹੁੰਚੇ, ਜਿੱਥੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਹੈਲਪਲਾਈਨ ਮੈਂਬਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਭੇਜ ਦਿੱਤਾ ਗਿਅਾ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਜੋੋਗੋਵਾਲਾ ਵਜੋਂ ਹੋਈ ਹੈ, ਜੋ ਕਿ ਆਪਣੇ ਕੰਮਕਾਜ ਲਈ ਆ ਰਿਹਾ ਸੀ। ਮ੍ਰਿਤਕ ਦੇ ਪਿਤਾ ਗੁਰਤੇਜ ਸਿੰਘ  ਨੇ ਦੱਸਿਆ ਕਿ ਉਸਦਾ ਪੁੱਤਰ ਸੁਖਪ੍ਰੀਤ ਸਿੰਘ  ਦਿਮਾਗੀ ਤੌਰ  ’ਤੇ ਪ੍ਰੇਸ਼ਾਨ  ਰਹਿੰਦਾ ਸੀ ਅਤੇ ਉਸਨੂੰ ਕੰਮਕਾਜ ਨਹੀਂ ਮਿਲ  ਰਿਹਾ ਸੀ, ਜਿਸਨੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ  ਦੇ ਬਿਆਨਾਂ ਦੇ ਅਾਧਾਰ ’ਤੇ ਧਾਰਾ 174 ਅਧੀਨ ਕਾਰਵਾਈ ਕਰ  ਕੇ ਲਾਸ਼  ਪੋਸਟਮਾਰਟਮ ਕਰਵਾ ਕੇ  ਵਾਰਸਾਂ ਹਵਾਲੇ ਕਰ ਦਿੱਤੀ ਗਈ।