ਖੁਦਕੁਸ਼ੀ ਕੇਸ ਦੀ ਪਡ਼ਤਾਲ ਲਈ ਪੱਖੀ ਕਲਾਂ ਪਹੁੰਚੀ ਟੀਮ

08/21/2018 1:35:14 AM

ਫ਼ਰੀਦਕੋਟ, (ਹਾਲੀ)-ਕਰਜ਼ੇ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੂਚਨਾ ਤੇ ਪਡ਼ਤਾਲ ਪੰਜਾਬ ਸਰਕਾਰ ਵੱਲੋਂ ਕਰਵਾਈ ਜਾਂਦੀ ਹੈ ਤਾਂ ਜੋ ਇਨ੍ਹਾਂ ਦੇ ਪਰਿਵਾਰਾਂ ਦੀ ਰਾਹਤ ਲਈ ਕੇਸ ਤਿਆਰ ਕਰ ਕੇ ਸਬੰਧਤ ਵਿਭਾਗ ਨੂੰ ਮੁਅਾਵਜ਼ੇ ਲਈ ਭੇਜਿਆ ਜਾ ਸਕੇ। ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਅਤੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੇ ਨਿਰਦੇਸ਼ਾਂ ’ਤੇ ਮ੍ਰਿਤਕ ਮਲਕੀਤ ਸਿੰਘ ਪੁੱਤਰ ਬੰਤਾ ਸਿੰਘ ਦੇ ਕੇਸ ਦੀ ਪਡ਼ਤਾਲ ਕਰਨ ਲਈ ਸਿਹਤ ਵਿਭਾਗ ਦੀ ਟੀਮ ਪਿੰਡ ਪੱਖੀ ਕਲਾਂ ਪਹੁੰਚੀ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਲਕੀਤ ਸਿੰਘ ਦੀ ਉਮਰ 60 ਸਾਲ ਸੀ। ਉਹ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਟੀਮ ’ਚ ਸ਼ਾਮਲ ਸਿਹਤ ਵਿਭਾਗ ਦੇ ਬਲਾਕ ਐਕਸਟੈਨਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਲਵਿੰਦਰ ਸਿੰਘ ਬਰਾਡ਼ ਅਤੇ ਬਰਿੰਦਰਪਾਲ ਸਿੰਘ ਭੋਲਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਦੱਸਿਆ ਕਿ ਇਕੱਠੀ ਕੀਤੀ ਜਾਣਕਾਰੀ ਅਤੇ ਕਾਗਜ਼ਾਂ ਦੇ ਅਾਧਾਰ ’ਤੇ ਪਡ਼ਤਾਲ ਰਿਪੋਰਟ ਤਿਆਰ ਕਰ ਕੇ ਅਗਲੀ ਕਾਰਵਾਈ ਲਈ ਸੀਨੀਅਰ ਮੈਡੀਕਲ ਅਫਸਰ, ਪੀ. ਐੱਚ. ਸੀ. ਜੰਡ ਸਾਹਿਬ ਡਾ. ਮਨਜੀਤ ਕ੍ਰਿਸ਼ਨ ਭੱਲਾ ਨੂੰ ਸੌਂਪ ਦਿੱਤੀ ਜਾਵੇਗੀ। ਇਸ  ਸਮੇਂ ਮ੍ਰਿਤਕ ਦੀ ਪਤਨੀ ਗੁਰਤੇਜ ਕੌਰ ਨੇੇ ਟੀਮ ਨੂੰ ਬੈਂਕ ਤੋਂ ਲਏ ਕਰਜ਼ੇ ਦੀ ਜਾਣਕਾਰੀ, ਪੁਲਸ ਰਿਪੋਰਟ ਅਤੇ ਪੋਸਟਮਾਰਟਮ ਸਬੰਧੀ ਕਾਗਜ਼ ਸੌਂਪੇ ਅਤੇ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਅਤੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਦੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਮ੍ਰਿਤਕ ਦਾ ਪੁੱਤਰ ਗੁਰਜੀਤ ਸਿੰਘ ਅਤੇ ਨੂੰਹ ਸੁਖਪ੍ਰੀਤ ਕੌਰ ਵੀ ਹਾਜ਼ਰ ਸਨ।