ਇਕ ਹੋਰ ਕਰਜ਼ਾਈ ਕਿਸਾਨ ਵੱਲੋਂ ਖੁਦਕੁਸ਼ੀ

08/01/2017 6:58:45 AM

ਸੁਨਾਮ(ਬਾਂਸਲ, ਮੰਗਲਾ)- ਪੰਜਾਬ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੋਮਵਾਰ ਨੂੰ ਪਿੰਡ ਛਾਜਲੀ ਦੇ 40 ਸਾਲਾ ਕਿਸਾਨ ਨਿਰਮਲ ਸਿੰਘ ਭੋਲਾ ਨੇ ਕਰਜ਼ੇ ਦੇ ਬੋਝ ਕਾਰਨ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ।  ਮ੍ਰਿਤਕ ਕਿਸਾਨ ਦੇ ਵੱਡੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਭੋਲਾ ਕੋਲ ਡੇਢ ਕਿੱਲਾ ਜ਼ਮੀਨ ਸੀ ਅਤੇ ਉਸ ਦੇ ਸਿਰ 'ਤੇ ਲੱਖਾਂ ਦਾ ਕਰਜ਼ਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਜ਼ਮੀਨ ਘੱਟ ਹੋਣ ਕਾਰਨ ਉਹ ਕਰਜ਼ਾ ਨਹੀਂ ਉਤਾਰ ਸਕਦਾ ਸੀ, ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ।    ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਬੇਟਾ ਛੱਡ ਗਿਆ ਹੈ । ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਨਿਰਮਲ ਸਿੰਘ 'ਤੇ 4 ਲੱਖ ਬੈਂਕ ਦਾ ਕਰਜ਼ਾ, 2.25 ਲੱਖ ਦਾ ਪ੍ਰਾਈਵੇਟ ਕਰਜ਼ਾ ਅਤੇ ਕਰੀਬ 1.5 ਲੱਖ ਦੀ ਬੈਂਕ ਲਿਮਟ ਸੀ ।  ਥਾਣੇਦਾਰ ਛਾਜਲੀ ਸੁੱਖਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਅਨੁਸਾਰ ਕਾਰਵਾਈ ਕਰ ਕੇ ਲਾਸ਼ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਜਾਵੇਗੀ।