ਆਰਥਿਕ ਤੰਗੀ ਨਾਲ ਜੂਝ ਰਹੇ ਅਪਾਹਿਜ ਨੇ ਸ਼ਮਸ਼ਾਨ ਘਾਟ ''ਚ ਕੀਤੀ ਖੁਦਕੁਸ਼ੀ

04/06/2018 5:46:33 PM

ਮੋਗਾ (ਅਜ਼ਾਦ) : ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਦੋਲੇਵਾਲਾ ਕਲਾਂ ਵਿਚ ਆਰਥਿਕ ਤੰਗੀ ਨਾਲ ਜੂਝ ਰਹੇ ਇਕ ਅਪਾਹਿਡ ਨੇ ਬੀਤੀ ਰਾਤ ਸ਼ਮਸ਼ਾਨ ਘਾਟ 'ਚ ਦਰੱਖਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਦਾ ਸ਼ੁੱਕਰਵਾਰ ਸਵੇਰੇ ਪਤਾ ਲੱਗਾ। ਸੂਚਨਾ ਮਿਲਦਿਆਂ ਹੀ ਥਾਣਾਂ ਧਰਮਕੋਟ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਥਾਨਕ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ (45) ਸਰੀਰਕ ਤੌਰ 'ਤੇ ਅਪਾਹਿਜ ਸੀ ਅਤੇ ਉਹ ਤਿੰਨ ਲੜਕੀਆਂ ਅਤੇ ਇਕ ਲੜਕੇ ਦਾ ਪਿਤਾ ਸੀ, ਇਕ ਬੇਟੀ ਦਾ ਵਿਆਹ ਹੋ ਚੁੱਕਾ ਸੀ ਅਤੇ ਦੋ ਬੇਟੀਆਂ ਅਤੇ ਲੜਕਾ ਅਣਵਿਆਹਾ ਹੈ। ਮ੍ਰਿਤਕ ਬਲਜਿੰਦਰ ਸਿੰਘ ਦੀ ਗਰੀਬੀ ਨੂੰ ਦੇਖਦੇ ਹੋਏ ਪਿੰਡ ਦੀ ਪੰਚਾਇਤ ਨੇ ਉਸ ਨੂੰ ਢਾਈ ਮਰਲੇ ਜਗ੍ਹਾ 'ਚ ਮਕਾਨ ਬਣਾ ਕੇ ਦਿੱਤਾ ਸੀ।
ਮ੍ਰਿਤਕ ਦੀ ਪਨਤੀ ਅਮਰਜੀਤ ਕੌਰ ਕੌਰ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਉਸਦਾ ਪਤੀ ਸਰੀਰਕ ਤੌਰ 'ਤੇ ਅਪਾਹਿਜ ਹੋਣ ਕਾਰਨ ਮਿਹਨਤ ਮਜ਼ਦੂਰੀ ਕਰਨ ਤੋਂ ਅਸਮਰਥ ਸੀ ਅਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਸੀ। ਉਸ ਨੂੰ ਆਪਣੀਆਂ ਦੋਵੇਂ ਲੜਕੀਆਂ ਅਤੇ ਲੜਕੇ ਦੇ ਵਿਆਹ ਦੀ ਚਿੰਤਾ ਸਤਾ ਰਹੀ ਸੀ। ਬੀਤੀ ਸ਼ਾਮ ਸੱਤ ਵਜੇ ਉਹ ਘਰੋਂ ਚਲਾ ਗਿਆ ਅਤੇ ਵਾਪਸ ਨਾ ਆਇਆ ਤਾਂ ਉਸਦੀ ਤਲਾਸ਼ ਕੀਤੀ ਗਈ। ਸਵੇਰੇ ਉਸ ਦੀ ਲਾਸ਼ ਸ਼ਮਸ਼ਾਨ ਘਾਟ 'ਚ ਲਟਕਦੀ ਮਿਲੀ। ਪੁਲਸ ਨੇ ਬਲਜਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਦੇ ਬਿਆਨਾਂ 'ਤੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।