ਨਿੱਜੀ ਖੰਡ ਮਿੱਲਾਂ ਪ੍ਰਤੀ ਸਰਕਾਰ ਦੇ ਢਿੱਲੇ ਰਵੱਈਏ ਨੇ ਪੀੜੇ ਗੰਨਾ ਕਾਸ਼ਤਕਾਰ

11/13/2018 10:32:49 AM

ਹੁਸ਼ਿਆਰਪੁਰ (ਘੁੰਮਣ)—ਨਿੱਜੀ ਖੰਡ ਮਿੱਲਾਂ ਪ੍ਰਤੀ ਸਰਕਾਰ ਦੇ ਢਿੱਲੇ ਰਵੱਈਏ ਦੇ ਬੱਦਲ ਗੰਨਾ ਕਾਸ਼ਤਕਾਰਾਂ 'ਤੇ ਮੰਡਰਾਉਣ ਲੱਗ ਪਏ ਹਨ, ਜਿਸ ਨੂੰ ਲੈ ਕੇ ਕਿਸਾਨਾਂ 'ਚ ਹਾਹਾਕਾਰ ਮਚੀ ਹੋਈ ਹੈ ਅਤੇ ਉਹ ਸਰਕਾਰ ਨੂੰ ਹਾਈਵੇਜ਼ ਜਾਮ ਕਰਨ ਦੀਆਂ ਚਿਤਾਵਨੀਆਂ ਦੇ ਰਹੇ ਹਨ। ਗੰਨਾ ਕਾਸ਼ਤਕਾਰਾਂ ਵਿਚ   ਮਚੀ  ਹਫੜਾ-ਦਫੜੀ ਨਾਲ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਹੋਣ ਵੱਲ ਵਧ ਸਕਦਾ ਹੈ।  ਜ਼ਿਕਰਯੋਗ  ਹੈ ਕਿ ਪੰਜਾਬ ਅੰਦਰ ਚੱਲ ਰਹੀਆਂ ਨਿੱਜੀ ਖੰਡ ਮਿੱਲਾਂ ਦੀ ਸਮਰੱਥਾ ਸਹਿਕਾਰੀ ਖੰਡ ਮਿੱਲਾਂ ਨਾਲੋਂ ਬਹੁਤ ਜ਼ਿਆਦਾ ਹੈ, ਜੋ ਕਿ ਲਗਭਗ 80 ਫੀਸਦੀ ਗੰਨੇ ਦੀ ਪਿੜਾਈ ਕਰਦੀਆਂ ਹਨ, ਜਦਕਿ ਸਹਿਕਾਰੀ ਖੰਡ ਮਿੱਲਾਂ ਕਰੀਬ 20 ਫੀਸਦੀ ਗੰਨਾ ਪੀੜਦੀਆਂ ਹਨ।

ਸਰਕਾਰ ਵੱਲੋਂ ਸਹਿਕਾਰੀ  ਖੰਡ ਮਿੱਲਾਂ ਨੂੰ ਚਲਾਉਣ ਦਾ ਤਾਂ ਉਪਰਾਲਾ ਕੀਤਾ ਜਾ ਰਿਹਾ ਹੈ, ਪਰ ਨਿੱਜੀ ਮਿੱਲਾਂ ਵਾਲੇ ਆਪਣੀਆਂ ਸ਼ਰਤਾਂ 'ਤੇ ਅੜੇ ਹੋਣ ਕਰ ਕੇ ਗੰਨਾ ਬਾਂਡ ਵੀ ਨਹੀਂ ਕਰ ਰਹੇ, ਜਿਨ੍ਹਾਂ ਦਾ ਸਰਕਾਰ ਵੱਲੋਂ ਸ਼ਿਕੰਜਾ ਨਹੀਂ ਕੱਸਿਆ ਜਾ ਰਿਹਾ। ਮਿੱਲਾਂ ਵਾਲੇ ਕਹਿ ਰਹੇ ਹਨ ਕਿ ਖੰਡ ਦਾ ਰੇਟ ਘੱਟ ਹੋਣ ਕਰ ਕੇ ਉਹ ਗੰਨੇ ਦੀ 310 ਰੁਪਏ ਪ੍ਰਤੀ ਕੁਇੰਟਲ ਅਦਾਇਗੀ ਨਹੀਂ ਕਰ ਸਕਦੇ, ਸਿਰਫ 275 ਰੁਪਏ ਅਦਾ ਕਰ  ਸਕਦੇ ਹਨ, ਬਾਕੀ ਮਦਦ ਉਨ੍ਹਾਂ ਨੂੰ ਸਰਕਾਰ ਦੇਵੇ, ਜਿਸ ਤਰ੍ਹਾਂ ਸਹਿਕਾਰੀ  ਖੰਡ ਮਿੱਲਾਂ ਨੂੰ ਦਿੱਤੀ ਜਾਂਦੀ ਹੈ। ਗੰਨੇ ਦਾ ਪਿੜਾਈ ਸੀਜ਼ਨ ਸਿਰ 'ਤੇ ਹੈ ਪਰ ਸਰਕਾਰ ਇਸ ਪ੍ਰਤੀ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹ ਰਹੀ, ਜਿਸ ਨੂੰ ਲੈ ਕੇ ਕਿਸਾਨਾਂ ਦੀਆਂ ਚਿੰਤਾਵਾਂ ਦਿਨ-ਪ੍ਰਤੀ-ਦਿਨ ਵਧ ਰਹੀਆਂ ਹਨ। ਜੇਕਰ ਸਰਕਾਰ ਨੇ ਇਸ ਸਬੰਧੀ ਆਪਣੀ ਖਾਮੋਸ਼ੀ ਨਾ ਤੋੜੀ ਤਾਂ ਉਸ ਨੂੰ ਕਿਸਾਨਾਂ ਦੇ ਗੁੱਸੇ  ਦਾ  ਸਾਹਮਣਾ  ਕਰਨਾ  ਪੈ  ਸਕਦਾ  ਹੈ ਕਿਉਂਕਿ ਇਸ ਸਾਲ ਗੰਨੇ ਦੀ ਫ਼ਸਲ ਪਿਛਲੇ ਸਾਲ ਨਾਲੋਂ ਵੱਧ ਹੈ।

ਕਿਸਾਨ ਘੱਟ ਰੇਟ 'ਤੇ ਗੰਨਾ ਵੇਚਣ ਲਈ ਮਜਬੂਰ : ਨਿੱਜੀ  ਖੰਡ ਮਿੱਲਾਂ ਵਾਲਿਆਂ ਦੇ ਰਵੱਈਏ ਨੂੰ ਦੇਖਦਿਆਂ ਕਿਸਾਨ ਮਿੰਨੀ ਖੰਡ ਮਿੱਲਾਂ ਵਜੋਂ ਜਾਣੇ ਜਾਂਦੇ ਗੁੜ ਬਣਾਉਣ ਵਾਲੇ ਵੇਲਣਿਆਂ 'ਤੇ ਘੱਟ ਰੇਟ 'ਤੇ ਆਪਣਾ ਗੰਨਾ ਵੇਚਣ  ਲਈ ਮਜਬੂਰ ਹਨ। ਵੇਲਣਿਆਂ ਵਾਲੇ ਕਿਸਾਨਾਂ ਨੂੰ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ, ਜੋ ਕਿ ਪ੍ਰਤੀ ਕੁਇੰਟਲ 200 ਜਾਂ 220 ਰੁਪਏ ਤੋਂ ਵੱਧ ਰੇਟ ਨਹੀਂ ਦੇ ਰਹੇ।

ਕੀ ਕਹਿੰਦੇ ਹਨ ਕੇਨ ਕਮਿਸ਼ਨਰ ਪੰਜਾਬ: ਜਦੋਂ ਨਿੱਜੀ ਖੰਡ ਮਿੱਲਾਂ ਚਲਾਉਣ ਸਬੰਧੀ  ਕੇਨ ਕਮਿਸ਼ਨਰ ਪੰਜਾਬ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਿੱਲਾਂ ਚਲਾਉਣ ਸਬੰਧੀ ਫਾਈਲ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਜਾ ਚੁੱਕੀ ਹੈ। ਅਸੀਂ ਨਿੱਜੀ  ਖੰਡ ਮਿੱਲਾਂ ਨੂੰ ਚਾਲੂ ਕਰਨ ਸਬੰਧੀ ਲੈਟਰ ਜਾਰੀ ਕਰ ਚੁੱਕੇ ਹਾਂ ਅਤੇ ਉਨ੍ਹਾਂ ਨੂੰ 15 ਤਾਰੀਖ ਤੱਕ ਮਿੱਲਾਂ ਚਾਲੂ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਸਬੰਧੀ ਅਸੀਂ ਪਿਛਲੇ ਸਮੇਂ ਦੌਰਾਨ ਮਿੱਲਾਂ ਦੇ ਜਨਰਲ ਮੈਨੇਜਰਾਂ ਨਾਲ ਮੀਟਿੰਗ ਵੀ ਕਰ ਚੁੱਕੇ ਹਾਂ। ਪਿਛਲੀ ਗੰਨੇ ਦੀ 112 ਕਰੋੜ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਰੋਜ਼ਾਨਾ ਡੇਢ ਤੋਂ 2 ਕਰੋੜ ਰੁਪਏ ਖਾਤਿਆਂ  ਵਿਚ ਪਾਏ ਜਾ ਰਹੇ ਹਨ। ਅੱਜ ਵੀ ਅਸੀਂ ਮਿੱਲਾਂ  ਚਲਾਉਣ ਸਬੰਧੀ ਮੀਟਿੰਗ ਕਰਨ ਲਈ ਸਕੱਤਰੇਤ  ਜਾ ਰਹੇ ਹਾਂ। ਅਸੀਂ ਹਰ ਹਾਲ 'ਚ ਨਿੱਜੀ  ਖੰਡ ਮਿੱਲਾਂ ਨੂੰ ਚਾਲੂ ਕਰਾਂਗੇ ਅ ਤੇ ਜਿਨ੍ਹਾਂ ਮਿੱਲਾਂ ਕੋਲ ਗੰਨਾ ਸਰਪਲੱਸ ਹੈ, ਉਨ੍ਹਾਂ ਨੇੜਲੀਆਂ ਵੱਧ ਸਮਰੱਥਾ ਵਾਲੀਆਂ ਮਿੱਲਾਂ ਨੂੰ ਅਲਾਟ ਕੀਤਾ ਜਾਵੇਗਾ। ਜੋ ਅਲਾਟਮੈਂਟ ਕੀਤੀ ਜਾਣੀ ਹੈ, ਉਹ ਵਿਧਾਨ ਸਭਾ ਹਲਕਾ-ਵਾਈਜ਼ ਨਹੀਂ, ਖੰਡ ਮਿੱਲਾਂ ਦੇ ਸਰਪਲੱਸ ਗੰਨੇ ਮੁਤਾਬਕ ਹੀ ਹੋਵੇਗੀ।

Shyna

This news is Content Editor Shyna