ਅੱਗ ਲੱਗਣ ਕਾਰਨ ਕਮਾਦ ਦੀ ਢਾਈ ਏਕੜ ਫਸਲ ਸੁਆਹ

03/18/2018 11:08:22 AM

ਕਿਸ਼ਨਗੜ੍ਹ (ਬੈਂਸ)— ਅੱਡਾ ਕਿਸ਼ਨਗੜ੍ਹ ਦੇ ਨਜ਼ਦੀਕ ਹਾਈਵੇ ਦੇ ਲਹਿੰਦੇ ਪਾਸੇ ਬੀਤੀ ਸ਼ਾਮ ਕਰੀਬ 5 ਕੁ ਵਜੇ ਇਕ ਕਿਸਾਨ ਦੀ ਕਮਾਦ ਦੀ ਫਸਲ ਨੂੰ ਅੱਗ ਲੱਗ ਗਈ, ਜਿਸ ਕਾਰਨ ਢਾਈ ਏਕੜ ਫਸਲ ਸੜ ਕੇ ਸੁਆਹ ਹੋ ਗਈ। 
ਕਿਸਾਨ ਭਗਵੰਤ ਸਿੰਘ ਵਾਸੀ ਦੌਲਤਪੁਰ ਨੇ ਦੱਸਿਆ ਕਿ ਉਸ ਵਲੋਂ ਲਗਾਈ ਗਈ ਕਮਾਦ ਦੀ ਫਸਲ ਹੁਣ ਪੂਰੀ ਤਰ੍ਹਾਂ ਤਿਆਰ ਸੀ, ਜੋ ਕਿ ਗੰਨਾ ਮਿੱਲ ਵਿਚ ਸੁੱਟਣੀ ਸੀ। ਬੀਤੇ ਦਿਨ ਕਰੀਬ 5 ਕੁ ਵਜੇ ਕਿਸੇ ਵਿਅਕਤੀ ਨੇ ਉਸ ਨੂੰ ਫੋਨ 'ਤੇ ਦੱਸਿਆ ਕਿ ਤੁਹਾਡੇ ਕਿਸ਼ਨਗੜ੍ਹ ਵਾਲੇ ਖੇਤਾਂ 'ਚ ਅੱਗ ਲੱਗੀ ਹੋਈ ਹੈ। ਉਸ ਨੇ ਕੁਝ ਸਾਥੀਆਂ ਨਾਲ ਮੌਕੇ 'ਤੇ ਪਹੁੰਚ ਕੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹਿਣ 'ਤੇ ਕਿਸ਼ਨਗੜ੍ਹ ਪੁਲਸ ਚੌਕੀ ਨੂੰ ਸੂਚਿਤ ਕੀਤਾ। ਪੁਲਸ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਦ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤਦ ਤੱਕ ਢਾਈ ਏਕੜ ਫਸਲ ਸੜ ਚੁੱਕੀ ਸੀ।
ਪੀੜਤ ਕਿਸਾਨ ਨੇ ਦੱਸਿਆ ਕਿ ਕਮਾਦ ਦੇ ਖੇਤਾਂ 'ਚੋਂ ਕੋਈ ਬਿਜਲੀ ਦੀਆਂ ਤਾਰਾਂ ਨਹੀਂ ਲੰਘਦੀਆਂ। ਅੱਗ ਲੱਗਣ ਦੇ ਕਾਰਨਾਂ ਦਾ ਮੌਕੇ 'ਤੇ ਪਤਾ ਨਹੀਂ ਚਲ ਸਕਿਆ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਦਾ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਉਸ ਨੇ ਜ਼ਿਲਾ ਪ੍ਰਸ਼ਾਸਨ ਪਾਸੋਂ ਸਰਕਾਰੀ ਸਹਾਇਤਾ ਦਾ ਮੰਗ ਕੀਤੀ। ਪੀੜਤ ਕਿਸਾਨ ਵੱਲੋਂ ਉਕਤ ਅੱਗ ਲੱਗਣ ਸਬੰਧੀ ਸਬੰਧਤ ਹਲਕਾ ਪਟਵਾਰੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ।