ਗੰਨਾ ਕਮਿਸ਼ਨਰ ਪੰਜਾਬ ਜਸਵੰਤ ਸਿੰਘ ਵੱਲੋਂ ਸਹਿਕਾਰੀ ਖੰਡ ਮਿੱਲ ਦਾ ਦੌਰਾ

01/19/2018 4:00:34 PM

ਨਵਾਂਸ਼ਹਿਰ (ਤ੍ਰਿਪਾਠੀ)- ਗੰਨਾ ਕਮਿਸ਼ਨਰ ਪੰਜਾਬ ਜਸਵੰਤ ਸਿੰਘ ਵੱਲੋਂ ਅੱਜ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦਾ ਦੌਰਾ ਕੀਤਾ ਗਿਆ। 
ਉਨ੍ਹਾਂ ਇਸ ਮੌਕੇ ਸਭ ਤੋਂ ਪਹਿਲਾਂ ਜਿਥੇ ਕੰਡੇ 'ਤੇ ਟਰਾਲੀਆਂ ਦਾ ਤੋਲ ਚੈੱਕ ਕੀਤਾ ਉਥੇ ਮਿੱਲ 'ਚ ਗੰਨਾ ਲੈ ਕੇ ਆਏ ਕਿਸਾਨਾਂ ਪਾਸੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਪੁੱਛੀਆਂ। ਗੰਨਾ ਕਮਿਸ਼ਨਰ ਜਸਵੰਤ ਸਿੰਘ ਨਾਲ ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਖਸ਼ ਸਿੰਘ ਸੰਧੂ ਤੇ ਜੀ.ਐੱਮ. ਖੰਡ ਮਿੱਲ ਕੰਵਲਜੀਤ ਸਿੰਘ ਵੀ ਮੌਜੂਦ ਸਨ। ਜੀ.ਐੱਮ. ਕੰਵਲਜੀਤ ਸਿੰਘ ਨੇ ਗੰਨਾ ਕਮਿਸ਼ਨਰ ਨੂੰ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੇ 14.14 ਲੱਖ ਕੁਇੰਟਲ ਤੋਂ ਵਧੇਰੇ ਗੰਨਾ ਪੀੜ ਲਿਆ ਹੈ, ਜਿਸ ਦੀ ਬਣਦੀ ਕੀਮਤ 4.3 ਕਰੋੜ ਰੁਪਏ 'ਚੋਂ 2.69 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। 
ਰਾਜ ਦੀਆਂ 9 ਸਹਿਕਾਰੀ ਖੰਡ ਮਿੱਲਾਂ ਵੱਲੋਂ ਇਸ ਪੀੜਾਈ ਸੀਜ਼ਨ ਦੌਰਾਨ 196 ਲੱਖ ਕੁਇੰਟਲ ਗੰਨੇ ਦੀ ਪੀੜਾਈ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਵਿਚੋਂ 86 ਲੱਖ ਕੁਇੰਟਲ ਤੋਂ ਵਧੇਰੇ ਪੀੜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਹੁਣ ਤੱਕ 123 ਕਰੋੜ ਰੁਪਏ ਦੀ ਗੰਨਾ ਉਤਪਾਦਕਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੰਨਾ ਕਿਸਾਨਾਂ ਨੂੰ ਅਗੇਤੀ ਕਿਸਮ ਦੇ 310 ਰੁਪਏ ਪ੍ਰਤੀ ਕੁਇੰਟਲ, ਮੱਧ ਕਿਸਮ ਦੇ 300 ਰੁਪਏ ਪ੍ਰਤੀ ਕੁਇੰਟਲ ਅਤੇ ਲੇਟ ਕਿਸਮ ਦੇ 295 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾ ਰਹੀ ਹੈ। 15 ਜਨਵਰੀ ਤੋਂ ਬਾਅਦ ਆਉਣ ਵਾਲੀ ਗੰਨੇ ਦੀ ਹਰੇਕ ਕਿਸਮ ਦੀ 310 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ। ਗੰਨਾ ਕਮਿਸ਼ਨਰ ਅਨੁਸਾਰ ਪੰਜਾਬ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਸੀਜ਼ਨ ਦੌਰਾਨ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹੁਣ ਤੱਕ ਸੀਜ਼ਨ ਵਧੀਆ ਅਤੇ ਨਿਰਵਿਘਨ ਚੱਲ ਰਿਹਾ ਹੈ।