''ਆਪਣਾ ਪੰਜਾਬ'' ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਤਿਆਰ

11/08/2016 10:44:35 AM

ਚੰਡੀਗੜ੍ਹ (ਸ਼ਰਮਾ) : ਆਮ ਆਦਮੀ ਪਾਰਟੀ ਤੋਂ ਵੱਖ ਹੋਣ ਪਿੱਛੋਂ ਸੁੱਚਾ ਸਿੰਘ ਛੋਟੇਪੁਰ ਦੀ ਪ੍ਰਧਾਨਗੀ ਹੇਠ ਹੋਂਦ ਵਿਚ ਆਈ ''ਆਪਣਾ ਪੰਜਾਬ'' ਪਾਰਟੀ ਬੇਸ਼ੱਕ ਅਜੇ ਤੱਕ ਮੀਡੀਆ ਦੀਆਂ ਸੁਰਖੀਆਂ ਬਣਨ ਵਿਚ ਕਾਮਯਾਬ ਨਾ ਹੋ ਸਕੀ ਹੋਵੇ ਪਰ ਪਰਦੇ ਦੇ ਪਿੱਛੇ ਵਿਧਾਨ ਸਭਾ ਚੋਣਾਂ ਲਈ ਇਕੋ ਜਿਹੇ ਵਿਚਾਰਾਂ ਵਾਲੇ ਦਲਾਂ ਤੇ ਨੇਤਾਵਾਂ ਦੇ ਸਮੂਹਾਂ ਨਾਲ ਫਰੰਟ ਗਠਿਤ ਕਰਨ ਦੀਆਂ ਤਿਆਰੀਆਂ ਜਾਰੀ ਰੱਖੀਆਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਨੇ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਆਖਰੀ ਰੂਪ ਦੇ ਦਿੱਤਾ ਹੈ, ਜਿਸ ਦਾ ਐਲਾਨ ਮੰਗਲਵਾਰ ਸ਼ਾਮ ਜਾਂ ਬੁੱਧਵਾਰ ਨੂੰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਮਾਰਗ ਦਰਸ਼ਨ ਨਾਲ ਗਠਿਤ ਪੰਜਾਬ ਪ੍ਰੋਗਰੈਸਿਵ ਫਰੰਟ ਦਾ ਦਾਇਰਾ ਵਧਾਉਣ ਦੇ ਯਤਨ ਵੀ ਸਫ਼ਲ ਹੁੰਦੇ ਦਿਖ ਰਹੇ ਹਨ ਕਿਉਂਕਿ ਹੁਣ ਸੀ. ਪੀ. ਐੱਮ. ਤੇ ਸੀ. ਪੀ. ਆਈ. (ਐੱਮ.ਐੱਲ.) ਵੀ ਇਸ ਦਾ ਹਿੱਸਾ ਬਣਨ ਜਾ ਰਹੇ ਹਨ।  ਪਾਰਟੀ ਦੇ ਜਨਰਲ ਸਕੱਤਰ ਹਰਦੀਪ ਸਿੰਘ ਕਿੰਗਰਾ ਨੇ ਇਨ੍ਹਾਂ ਦਲਾਂ ਦੇ ਨਾਲ ਗੱਲਬਾਤ ਸਫ਼ਲ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਪਾਰਟੀ ਅਗਲੇ 2 ਦਿਨਾਂ ਵਿਚ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦੇਵੇਗੀ। 
ਇਸ ਸੂਚੀ ਵਿਚ ਪਾਰਟੀ ਦੇ ਉਹ 10 ਨੇਤਾ ਸ਼ਾਮਲ ਹੋਣਗੇ, ਜਿਨ੍ਹਾਂ ਦੀਆਂ ਸੀਟਾਂ ''ਤੇ ਪਾਰਟੀ ਆਪਣੀ ਦਾਅਵੇਦਾਰੀ ਨਹੀਂ ਛੱਡੇਗੀ। ਹਾਲਾਂਕਿ ਪਾਰਟੀ ਵਲੋਂ ਨਿਯੁਕਤ ਜ਼ੋਨਲ ਇੰਚਾਰਜਾਂ ਨੇ ਆਪਣੇ-ਆਪਣੇ ਅਧਿਕਾਰ ਖੇਤਰ ਦੇ ਜ਼ਿਲਿਆਂ ਨਾਲ ਸਬੰਧਤ ਉਮੀਦਵਾਰਾਂ ਦੇ ਨਾਮ ਆਪਣੀਆਂ ਸਿਫਾਰਿਸ਼ਾਂ ਦੇ ਨਾਲ ਪਾਰਟੀ ਮੁੱਖ ਦਫ਼ਤਰ ਨੂੰ ਭੇਜ ਦਿੱਤੇ ਹਨ ਪਰ ਪਾਰਟੀ ਆਪਣੀ ਪਹਿਲੀ ਸੂਚੀ ਵਿਚ ਸਿਰਫ਼ 10 ਉਮੀਦਵਾਰਾਂ ਦਾ ਹੀ ਐਲਾਨ ਕਰੇਗੀ।

Babita Marhas

This news is News Editor Babita Marhas