ਸਬਸਿਡੀ ਵਾਲੇ ਐੱਲ. ਪੀ. ਜੀ. ਸਿਲੰਡਰਾਂ ਦੀ ਹੋ ਰਹੀ ਹੈ ਸ਼ਰੇਆਮ ਦੁਰਵਰਤੋਂ

01/07/2018 6:43:00 AM

ਫਗਵਾੜਾ, (ਜ. ਬ.)— ਫਗਵਾੜਾ 'ਚ ਸਰਕਾਰੀ ਤੰਤਰ ਦੀ ਨੱਕ ਹੇਠ ਦਿਨ-ਦਿਹਾੜੇ ਸ਼ਰੇਆਮ ਕਮਰਸ਼ੀਅਲ ਥਾਵਾਂ 'ਤੇ ਭਾਰਤ ਸਰਕਾਰ ਤੋਂ ਸਬਸਿਡੀ ਪ੍ਰਾਪਤ ਘਰੇਲੂ ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ। ਇੰਨਾ ਹੀ ਨਹੀਂ, ਸਾਰੀ ਹਕੀਕਤ ਜਾਣਦੇ ਹੋਏ ਵੀ ਜ਼ਿਲਾ ਕਪੂਰਥਲਾ ਦਾ ਚੋਟੀ ਦਾ ਸਰਕਾਰੀ ਅਮਲਾ ਵਿਸ਼ੇਸ਼ ਕਰ ਕੇ ਖੁਰਾਕ ਅਤੇ ਸਪਲਾਈ ਵਿਭਾਗ ਆਰਾਮ ਦੀ ਨੀਂਦ ਸੌਂ ਰਿਹਾ ਹੈ। 
ਸਰਕਾਰੀ ਖਜ਼ਾਨੇ ਨੂੰ ਲੱਗ ਰਿਹੈ ਚੂਨਾ
ਆਲਮ ਇਹ ਹੈ ਕਿ ਲੋਕ ਘਰੇਲੂ ਐੱਲ. ਪੀ. ਜੀ. ਗੈਸ ਸਿਲੰਡਰ ਪ੍ਰਾਪਤ ਕਰਨ ਲਈ ਸ਼ਹਿਰ 'ਚ ਸਥਿਤ ਵੱਖ-ਵੱਖ ਗੈਸ ਏਜੰਸੀਆਂ ਦੇ ਬਾਹਰ ਪੈ ਰਹੀ ਕੜਾਕੇ ਦੀ ਠੰਡ 'ਚ ਲਾਈਨਾਂ ਲਾ ਕੇ ਸਿਲੰਡਰ ਲੈਣ ਲਈ ਮਜਬੂਰ ਹਨ, ਉਥੇ ਕਮਰਸ਼ੀਅਲ ਥਾਵਾਂ, ਜਿਨ੍ਹਾਂ 'ਚ ਚਾਹ ਦੇ ਖੋਖੇ, ਢਾਬੇ ਸਮੇਤ ਕਈ ਹੋਰ ਖਾਣ-ਪੀਣ ਦੀਆਂ ਦੁਕਾਨਾਂ ਸ਼ਾਮਲ ਹਨ, 'ਤੇ ਇਨ੍ਹਾਂ ਘਰੇਲੂ ਐੱਲ. ਪੀ. ਜੀ. ਗੈਸ ਸਿਲੰਡਰਾਂ ਨੂੰ ਲੱਗਿਆਂ ਆਮ ਦੇਖਿਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਕਮਰਸ਼ੀਅਲ ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਵਿਕਰੀ 'ਤੇ ਭਾਰੀ ਅਸਰ ਪੈ ਰਿਹਾ ਹੈ ਅਤੇ ਕਮਰਸ਼ੀਅਲ ਥਾਵਾਂ 'ਤੇ ਸਰਕਾਰ ਸਬਸਿਡੀ ਵਾਲੇ ਘਰੇਲੂ ਐੱਲ. ਪੀ. ਜੀ. ਗੈਸ ਸਿਲੰਡਰਾਂ ਦੇ ਇਸਤੇਮਾਲ ਦੌਰਾਨ ਭਾਰਤ ਸਰਕਾਰ ਦੇ ਖਜ਼ਾਨੇ ਨੂੰ ਵੀ ਭਾਰੀ ਚੂਨਾ ਲੱਗ ਰਿਹਾ ਹੈ।
ਗੈਸ ਏਜੰਸੀਆਂ ਦੇ ਆਸ-ਪਾਸ ਸਥਿਤ ਦੁਕਾਨਾਂ 'ਤੇ ਵੀ ਵਰਤੇ ਜਾ ਰਹੇ ਨੇ ਘਰੇਲੂ ਗੈਸ ਸਿਲੰਡਰ
ਜਗ ਬਾਣੀ ਦੀ ਟੀਮ ਨੇ ਲੋਕਾਂ ਤੋਂ ਮਿਲੇ ਫੀਡਬੈਕ ਨੂੰ ਆਧਾਰ ਬਣਾ ਕੇ ਜਦ ਸਥਾਨਕ ਕਈ ਗੈਸ ਏਜੰਸੀਆਂ ਦਾ ਦੌਰਾ ਕੀਤਾ ਤਾਂ ਜਨਤਾ ਨੇ ਦਿਖਾਇਆ ਕਿ ਕਿਸ ਤਰ੍ਹਾਂ ਗੈਸ ਏਜੰਸੀਆਂ ਦੇ ਆਸ-ਪਾਸ ਸਥਿਤ ਦੁਕਾਨਾਂ ਵਿਚ ਸ਼ਰੇਆਮ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਹੋ ਰਹੀ ਹੈ। ਲੋਕਾਂ ਨੇ ਰੋਸ ਭਰੇ ਲਹਿਜੇ ਵਿਚ ਕਿਹਾ ਕਿ ਸਰਕਾਰੀ ਤੌਰ 'ਤੇ ਵਿਭਾਗ ਦੇ ਕੁਝ ਅਧਿਕਾਰੀ ਲੋਕ ਦਿਖਾਵਾ ਕਰਨ ਹੇਤੂ ਇਕ ਦੋ ਦਿਨ ਘਰੇਲੂ ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਦੁਰਵਰਤੋਂ ਰੋਕਣ ਲਈ ਫਗਵਾੜਾ ਵਿਚ ਛਾਪੇਮਾਰੀ ਕਰਦੇ ਹਨ ਪਰ ਉਸ ਤੋਂ ਬਾਅਦ ਹਾਲਾਤ ਜਿਉਂ ਦੇ ਤਿਉਂ ਹੋ ਜਾਂਦੇ ਹਨ। ਇਸ ਮੌਕੇ ਘਰੇਲੂ ਗੈਸ ਸਿਲੰਡਰ ਲੈਣ ਲਈ ਲਾਈਨਾਂ ਵਿਚ ਖੜ੍ਹੇ ਕੁਝ ਗੈਸ ਖਪਤਕਾਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਖੁਲਾਸਾ ਕੀਤਾ ਕਿ ਜੋ ਹੋ ਰਿਹਾ ਹੈ, ਉਹ ਸਭ ਆਪਸੀ ਮਿਲੀਭੁਗਤ ਦੇ ਨਾਲ ਹੋ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਮਾਮਲੇ ਸਬੰਧੀ ਫਗਵਾੜਾ ਸਮੇਤ ਜ਼ਿਲਾ ਕਪੂਰਥਲਾ ਦੇ ਚੋਟੀ ਦੇ ਸਰਕਾਰੀ ਅਮਲੇ ਨੂੰ ਸਾਰੀ ਜਾਣਕਾਰੀ ਹੈ ਪਰ ਕੋਈ ਵੀ  ਸਰਕਾਰੀ ਅਫਸਰ ਕੁਝ ਨਹੀਂ ਕਰ ਰਿਹਾ। 

ਵਾਹਨਾਂ 'ਚ ਵੀ ਹੋ ਰਹੀ ਹੈ ਵਰਤੋਂ
ਵਰਣਨਯੋਗ ਹੈ ਕਿ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਨਾ ਸਿਰਫ ਕਮਰਸ਼ੀਅਲ ਸਥਾਨਾਂ 'ਤੇ ਹੋ ਰਹੀ ਹੈ ਸਗੋਂ ਸ਼ਾਤਰ ਦਿਮਾਗ ਲੋਕ ਇਸ ਦਾ ਆਪੇ ਨਿਜੀ ਵਾਹਨਾਂ ਵਿਚ ਪੈਟਰੋਲ ਦੇ ਸਥਾਨ 'ਤੇ ਗੈਸ ਸਿਲੰਡਰ ਲਗਾ ਕੇ ਬਤੌਰ ਈਂਧਨ ਦੀ ਵਰਤੋਂ ਕਰ ਰਹੇ ਹਨ। ਇੰਨਾ ਹੀ ਨਹੀਂ ਵਾਹਨਾਂ ਵਿਚ ਘਰੇਲੂ ਐੱਲ. ਪੀ. ਜੀ. ਗੈਸ ਸਿਲੰਡਰ ਦੀ ਵਰਤੋਂ ਵੀ ਖਤਰੇ ਤੋਂ ਖਾਲੀ ਨਹੀਂ ਹੈ। ਸੜਕ 'ਤੇ ਬਾਰੂਦ ਬਣ ਕੇ ਦੌੜ ਰਹੇ ਅਜਿਹੇ ਵਾਹਨ ਕਿਸੇ ਵੀ ਪਲ ਭਿਆਨਕ ਅਗਲੀਕਾਂਡ ਦਾ ਫਲੈਸ਼ ਪੁਆਇੰਟ ਬਣ ਸਕਦੇ ਹਨ। ਇਸ ਸਭ ਦੌਰਾਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਥਾਨਕ ਟ੍ਰੈਫਿਕ ਪੁਲਸ ਘਰੇਲੂ ਐੱਲ. ਪੀ. ਜੀ. ਗੈਸ ਸਿਲੰਡਰ ਦੀ ਵਰਤੋਂ ਕਰ ਕੇ ਚਲਾਏ ਜਾ ਰਹੇ ਅਜਿਹੇ ਵਾਹਨਾਂ ਦੀ ਚੈਕਿੰਗ ਕਿਉਂ ਨਹੀਂ ਕਰਦੀ?
ਹੋਟਲਾਂ ਤੇ ਘਰਾਂ 'ਚ ਲੱਗੇ  ਗੀਜ਼ਰਾਂ 'ਚ ਵੀ ਹੋ ਰਿਹੈ ਘਰੇਲੂ ਗੈਸ ਦਾ ਇਸਤੇਮਾਲ
ਇਸੇ ਤਰ੍ਹਾਂ ਪਾਣੀ ਗਰਮ ਕਰਨ ਲਈ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਹੋਟਲਾਂ ਤੇ ਘਰਾਂ ਵਿਚ ਲੱਗੇ ਗੈਸ ਗੀਜ਼ਰਾਂ ਵਿਚ ਵੀ ਹੋ ਰਹੀ ਹੈ। ਇਸ ਨਾਲ ਵੀ ਸਬਸਿਡੀ ਪ੍ਰਾਪਤ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਹੋ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਘਰੇਲੂ ਗੈਸ ਸਿਲੰਡਰਾਂ ਦੇ ਫਗਵਾੜਾ ਵਿਚ ਹੋ ਰਹੀ ਖੁਲ੍ਹੀ ਦੁਰਵਰਤੋਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਜੋ ਗੈਸ ਏਜੰਸੀਆਂ ਮਿਥੇ ਤੈਅਸ਼ੁਦਾ ਕਾਨੂੰਨ ਦੇ ਉਲਟ ਕੰਮ ਕਰ ਰਹੀਆਂ ਹਨ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ।