ਜਲੰਧਰ ਦੇ PAP ਚੌਂਕ ’ਚ ਵਿਦਿਆਰਥੀਆਂ ਨੇ ਕੀਤਾ ਚੱਕਾ ਜਾਮ, ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਵੱਡਾ ਖ਼ੁਲਾਸਾ

12/03/2021 12:23:06 PM

ਜਲੰਧਰ (ਸੋਨੂੰ)— ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ। ਇਕ ਵਿਦਿਆਰਥੀ ਨੇ ਮੀਡੀਆ ਦੇ ਸਾਹਮਣੇ ਬਿਆਨ ਦਿੱਤਾ ਹੈ ਕਿ ਇਕ ਅਫ਼ਸਰ ਨੇ ਉਸ ਨੂੰ ਡਾਇਰੈਕਟ ਭਰਤੀ ਲਈ 7 ਲੱਖ ਦੀ ਰਿਸ਼ਵਤ ਮੰਗੀ ਸੀ। ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਪੂਰੇ ਫਰਜ਼ੀਵਾੜੇ ਨੂੰ ਲੈ ਕੇ ਤਿੰਨ ਦਿਨਾਂ ਤੋਂ ਸੰਘਰਸ਼ ਕਰ ਰਹੇ ਧਰਨਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਅੱਜ ਜਲੰਧਰ ਦੇ ਪੀ. ਏ. ਪੀ. ਚੌਂਕ ਵਿਚ ਧਰਨਾ ਲਗਾਇਆ। ਇਥੇ ਇਹ ਵੀ ਦੱਸਣਯੋਗ ਹੈ ਕਿ ਕੱਲ੍ਹ ਰਾਤ ਤੋਂ ਠੰਡ ’ਚ ਬੈਠੇ ਇਹ ਮੁੰਡੇ-ਕੁੜੀਆਂ ਦੀ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਸੁਧ ਲੈਣ ਨਹੀਂ ਪਹੁੰਚਿਆ।

ਉਨ੍ਹਾਂ ਦਾ ਦੋਸ਼ ਹੈ ਕਿ ਜੋ ਪੁਲਸ ਅਫ਼ਸਰ ਆ ਰਹੇ ਹਨ, ਉਹ ਧਮਕਾ ਰਹੇ ਹਨ ਅਤੇ ਉਨ੍ਹਾਂ ਨੂੰ ਇਥੋਂ ਮਾਰ ਕੇ ਭਜਾਉਣ ਵੱਲ ਅਤੇ ਗਾਲ੍ਹਾਂ ਕੱਢਣ ਦੀਆਂ ਧਮਕੀਆਂ ਦੇ ਰਹੇ ਹਨ। ਭਰਤੀ ’ਤੇ ਸ਼ਾਮਲ ਹੋਏ ਕਰਨਦੀਪ ਸਿੰਘ ਨੇ ਇਕ ਬਹੁਤ ਵੱਡਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਮੋਹਾਲੀ ਦੇ ਅਫ਼ਸਰ ਨੇ ਉਸ ਨੂੰ ਡਾਇਰੈਕਟ ਭਰਤੀ ਕਰਵਾਉਣ ਲਈ 7 ਲੱਖ ਪੈਸੇ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਪੁਖ਼ਤਾ ਸਬੂਤ ਹਨ ਅਤੇ ਸਮਾਂ ਆਉਣ ’ਤੇ ਉਹ ਮੀਡੀਆ ਨੂੰ ਵਿਖਾਉਣਗੇ। ਜੇਕਰ ਅਜਿਹੇ ਨਿਕਲਿਆ ਤਾਂ ਉਹ ਪੁਲਸ ਪ੍ਰਸ਼ਾਸਨ ਲਈ ਬਹੁਤ ਵੱਡਾ ਖੜ੍ਹਾ ਕਰ ਜਾਵੇਗਾ। 

ਇਹ ਵੀ ਪੜ੍ਹੋ:  ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਦੇ ਦਬਾਅ ਹੇਠ ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿਰਸਾ

ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਵਿਚ ਕਾਂਸਟੇਬਲਾਂ ਦੀ ਭਰਤੀ ਨੂੰ ਲੈ ਕੇ ਬੀਤੇ ਦਿਨੀਂ ਹੋਈ ਲਿਖਤੀ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਮੈਰਿਟ ਲਿਸਟ ਵਿਚ ਧਾਂਦਲੀ ਦਾ ਦੋਸ਼ ਲਾਉਂਦਿਆਂ ਭਰਤੀ ਲਈ ਆਏ ਉਮੀਦਵਾਰਾਂ ਨੇ ਵੀਰਵਾਰ ਨੂੰ ਬੀ. ਐੱਸ. ਐੱਫ. ਚੌਂਕ ਵਿਚ ਧਰਨਾ ਲਾ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਇਸ ਦੌਰਾਨ ਡੀ. ਸੀ. ਪੀ. ਜਗਮੋਹਨ ਸਿੰਘ, ਏ. ਸੀ ਪੀ. ਸੈਂਟਰਲ ਸੁਖਦੀਪ ਸਿੰਘ, ਐੱਸ. ਡੀ. ਐੱਮ.-1 ਹਰਪ੍ਰੀਤ ਸਿੰਘ ਅਤੇ ਐੱਸ. ਡੀ. ਐੱਮ-2 ਬਲਬੀਰ ਸਿੰਘ ਮੌਕੇ ’ਤੇ ਪੁੱਜੇ। ਉਮੀਦਵਾਰਾਂ ਦੇ ਆਗੂ ਨਵਦੀਪ ਦਕੋਹਾ, ਨਵਪ੍ਰੀਤ ਸਿੰਘ ਅਤੇ ਰੁਪਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰਤੀ ਬੋਰਡ ਵੱਲੋਂ ਪੰਜਾਬ ਪੁਲਸ ਦੀਆਂ ਲਗਭਗ 4400 ਆਸਾਮੀਆਂ ਲਈ 4 ਲੱਖ 70 ਹਜ਼ਾਰ ਦੇ ਲਗਭਗ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ, ਜਿਸ ਦੇ ਨਤੀਜੇ ਅਤੇ ਮੈਰਿਟ ਸੂਚੀ ਵਿਚ ਤਰੁੱਟੀਆਂ ਹੋਣ ਕਾਰਨ ਜ਼ਿਆਦਾ ਮੈਰਿਟ ਵਾਲੇ ਬੱਚੇ ਸੂਚੀ ਵਿਚੋਂ ਬਾਹਰ ਕਰ ਦਿੱਤੇ ਗਏ। ਉਮੀਦਵਾਰਾਂ ਨੇ ਭਰਤੀ ਬੋਰਡ ’ਤੇ ਦੋਸ਼ ਲਾਏ ਕਿ ਧਾਂਦਲੀ ਕਰਕੇ ਮੈਰਿਟ ’ਤੇ ਆ ਰਹੇ ਉਮੀਦਵਾਰਾਂ ਨੂੰ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:  ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ 'ਤੇ ਹਲਕਾ ਕਰਤਾਰਪੁਰ 'ਚ ਖੋਲ੍ਹੇ ਜਾਣਗੇ 10 ਵੱਡੇ ਸਕੂਲ

ਮੰਗ-ਪੱਤਰ ’ਤੇ ਕਾਰਵਾਈ ਨਾ ਹੋਣ ’ਤੇ ਚੁੱਕਿਆ ਧਰਨੇ ਵਰਗਾ ਕਦਮ
ਧਰਨੇ ਦੌਰਾਨ ਨੌਜਵਾਨ ਦੋਸ਼ ਲਾ ਰਹੇ ਸਨ ਕਿ ਭਰਤੀ ਵਿਚ ਫਰਜ਼ੀਵਾੜੇ ਅਤੇ ਸਿਫ਼ਾਰਸ਼ੀ ਕਾਂਸਟੇਬਲਾਂ ਦੀ ਭਰਤੀ ਨੂੰ ਲੈ ਕੇ ਉਹ ਕਾਫੀ ਸਮੇਂ ਤੋਂ ਮਾਮਲਾ ਉਠਾ ਰਹੇ ਹਨ। ਇਹੀ ਹੀ ਨਹੀਂ, ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਵੀ ਦਿੱਤਾ ਪਰ ਕਿਸੇ ਵੀ ਤਰ੍ਹਾਂ ਨਾਲ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਅੱਜ ਮਜਬੂਰਨ ਉਨ੍ਹਾਂ ਨੂੰ ਆਪਣੇ ਹੱਕ ਅਤੇ ਸਵਾਲਾਂ ਦੇ ਜਵਾਬ ਲੈਣ ਲਈ ਸੜਕ ’ਤੇ ਉਤਰਨਾ ਪਿਆ।

ਰਾਹਗੀਰਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਵੀ ਹੋਈ ਪਰੇਸ਼ਾਨੀ
ਲੱਗੇ ਧਰਨੇ ਕਾਰਨ ਬੱਸ ਸਟੈਂਡ, ਪੀ. ਏ. ਪੀ., ਰਾਮਾ ਮੰਡੀ ਅਤੇ ਚੌਗਿੱਟੀ ਵਾਲੇ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ। ਜਾਮ ਵਿਚ ਹਜ਼ਾਰਾਂ ਲੋਕ ਫਸ ਗਏ। ਇਸ ਦੌਰਾਨ ਧਰਨਾਕਾਰੀਆਂ ਅਤੇ ਲੋਕਾਂ ਵਿਚਕਾਰ ਬਹਿਸ ਵੀ ਹੁੰਦੀ ਰਹੀ। ਜਾਮ ਕਾਰਨ ਰਾਹਗੀਰਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਹੋਈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri