ਵਿਦਿਆਰਥਣਾਂ ਬੋਲੀਆਂ : ਅਜਿਹੇ ਹਾਦਸੇ ਸੁਣ ਕੇ ਹੁੰਦੀ ਘਬਰਾਹਟ

03/22/2018 8:18:43 AM

ਪਟਿਆਲਾ (ਪ੍ਰਤਿਭਾ) - ਹਰ ਰੋਜ਼ ਲੜਕੀਆਂ ਨਾਲ ਖਾਸ ਕਰ ਕੇ ਨਾਬਾਲਗ ਲੜਕੀਆਂ ਨਾਲ ਛੇੜਛਾੜ ਅਤੇ ਜਬਰ-ਜ਼ਨਾਹ ਵਰਗੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਮਾਮਲੇ ਸੁਣ ਕੇ ਹੀ ਹਰ ਕੋਈ ਹੈਰਾਨ ਹੋ ਜਾਂਦਾ ਹੈ। ਜਿਨ੍ਹਾਂ ਦੇ ਘਰ ਖੁਦ ਬੇਟੀ ਹੈ, ਉਹ ਤਾਂ ਅਜਿਹੇ ਹਾਦਸਿਆਂ ਪ੍ਰਤੀ ਸੋਚ ਕੇ ਹੀ ਡਰ ਜਾਂਦੇ ਹਨ। ਦਿੱਲੀ ਵਿਚ ਇਕ 9ਵੀਂ ਕਲਾਸ ਦੀ ਲੜਕੀ ਵੱਲੋਂ 2 ਅਧਿਆਪਕਾਂ ਦੇ ਤੰਗ ਕਰਨ ਤੋਂ ਬਾਅਦ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ। ਅਜੇ ਤੱਕ ਨਿਰਭਯਾ ਕਾਂਡ ਤਾਂ ਕਿਸੇ ਨੂੰ ਸ਼ਾਇਦ ਹੀ ਭੁੱਲਿਆ ਹੋਵੇ। ਇਨ੍ਹਾਂ ਸਭ ਮਾਮਲਿਆਂ ਵਿਚ ਇਕ ਹੀ ਗੱਲ ਉੱਭਰਦੀ ਹੈ ਕਿ ਅਜਿਹੇ ਦਰਿੰਦਿਆਂ ਨੂੰ ਸਜ਼ਾ ਦੇ ਨਾਂ 'ਤੇ ਕੁੱਝ ਸਾਲ ਦੀ ਕੈਦ ਨਹੀਂ ਸਗੋਂ ਸਿੱਧਾ ਹੀ ਫਾਂਸੀ 'ਤੇ ਚੜ੍ਹਾਅ ਦੇਣਾ ਚਾਹੀਦਾ ਹੈ। ਅਜਿਹੀ ਹੀ ਮੰਗ ਸ਼ਹਿਰ ਦੀ ਹਰ ਮਹਿਲਾ, ਲੜਕੀ ਵੀ ਕਰ ਰਹੀ ਹੈ। 'ਜਗ ਬਾਣੀ' ਵੱਲੋਂ ਵਿੱਢੀ ਇਸ ਮੁਹਿੰਮ ਵਿਚ ਸਾਰੇ ਨਾਲ ਹਨ। ਇਸ ਮੰਗ ਨੂੰ ਪੁਰਜ਼ੋਰ ਤਰੀਕੇ ਨਾਲ ਸਰਕਾਰ ਦੇ ਸਾਹਮਣੇ ਉਠਾਉਣਾ ਚਾਹੀਦਾ ਹੈ ਤਾਂ ਕਿ ਹਰਿਆਣਾ ਵਾਂਗ ਸੂਬਾ ਸਰਕਾਰ ਵੀ ਸਖਤ ਫੈਸਲਾ ਲਵੇ।
'ਅਜਿਹਾ ਮਾਹੌਲ ਹੋਵੇ, ਜਿਥੇ ਉਹ ਖੁਦ ਨੂੰ ਸੁਰੱਖਿਅਤ ਸਮਝੀਏ'
ਇਸ ਨੂੰ ਲੈ ਕੇ ਸਕੂਲ ਦੀਆਂ ਕੁੱਝ ਵਿਦਿਆਰਥਣਾਂ ਨਾਲ ਗੱਲ ਕੀਤੀ ਗਈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਲੈ ਕੇ ਉਹ ਕੀ ਸੋਚ ਰਹੀਆਂ ਹਨ? ਤਾਂ ਹਰ ਵਿਦਿਆਰਥਣ ਦਾ ਇਹੀ ਕਹਿਣਾ ਸੀ ਕਿ ਅਜਿਹਾ ਮਾਹੌਲ ਹੋਵੇ, ਜਿਥੇ ਉਹ ਖੁਦ ਨੂੰ ਸੁਰੱਖਿਅਤ ਸਮਝਣ। ਇਸ ਤਰ੍ਹਾਂ ਦੇ ਮਾਮਲੇ ਸਭ ਤੋਂ ਜ਼ਿਆਦਾ ਸਕੂਲਾਂ ਵਿਚ ਹੋ ਰਹੇ ਹਨ। ਸਕੂਲ ਆ ਕੇ ਲੜਕੀਆਂ ਆਤਮ-ਨਿਰਭਰ ਬਣਨਾ ਚਾਹੁੰਦੀਆਂ ਹਨ ਅਤੇ ਅੱਗੇ ਵਧਣਾ ਚਾਹੁੰਦੀਆਂ ਹਨ। ਪੜ੍ਹ-ਲਿਖ ਕੇ ਉਹ ਵਧੀਆ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੀਆਂ ਹਨ ਪਰ ਜੇਕਰ ਸਿੱਖਿਆ ਦੇ ਮੰਦਰ ਵਿਚ ਆ ਕੇ ਵੀ ਲੜਕੀਆਂ ਨਾਲ ਉਨ੍ਹਾਂ ਦੇ 'ਗੁਰੂ' ਇਸ ਤਰ੍ਹਾਂ ਦੀ ਹਰਕਤ ਕਰਦੇ ਹਨ ਤਾਂ ਸੁਰੱਖਿਆ ਕਿੱਥੇ ਹੈ?
ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਹੋਵੇ : ਡਾ. ਗੁਰਦੀਪ ਕੌਰ
ਪੰਜਾਬੀ ਯੂਨੀਵਰਸਿਟੀ ਦੀ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਨੇ ਕਿਹਾ ਕਿ ਜਬਰ-ਜ਼ਨਾਹ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ। ਕਹਿੰਦੇ ਹਨ ਕਿ ਅਜਿਹੇ ਦਰਿੰਦਿਆਂ ਨੂੰ ਸਖਤ ਸਜ਼ਾ ਮਿਲੇ ਪਰ ਸਖਤ ਸਜ਼ਾ ਫਾਂਸੀ ਤੋਂ ਘੱਟ ਨਹੀਂ ਹੋਣੀ ਚਾਹੀਦੀ। ਅਜਿਹੇ ਲੋਕ ਜਬਰ-ਜ਼ਨਾਹ ਕਰ ਕੇ ਬਚ ਜਾਂਦੇ ਹਨ ਪਰ ਇਨ੍ਹਾਂ ਨੂੰ ਬਚ ਕੇ ਨਿਕਲਣ ਨਹੀਂ ਦੇਣਾ ਚਾਹੀਦਾ।