3 ਹਜ਼ਾਰ ਵਿਦਿਆਰਥੀ ਰੋਬੋਟ ਬਣਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ''ਚ ਨਾਂ ਕਰਨਗੇ ਦਰਜ

01/22/2018 8:05:53 AM

ਮੋਹਾਲੀ  (ਨਿਆਮੀਆਂ) - ਰੋਬੋਟ ਬਣਾਉਣ ਵਿਚ ਮੋਹਾਲੀ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਵਿਸ਼ਵ ਪੱਧਰ 'ਤੇ ਨੰਬਰ ਇਕ 'ਤੇ ਲਿਖਣ ਲਈ 30 ਜਨਵਰੀ ਨੂੰ ਪਾਮ ਰਿਜ਼ਾਰਟ ਜ਼ੀਰਕਪੁਰ ਵਿਚ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਨਮਾਨ ਦੇ ਇਸ ਮਾਣਮੱਤੇ ਸਭ ਤੋਂ ਵੱਡੇ ਕਲਾਸ ਰੂਮ ਲਈ ਟ੍ਰਾਈਸਿਟੀ ਦੇ 100 ਸਕੂਲਾਂ ਦੇ 3000 ਵਿਦਿਆਰਥੀ ਇਸ ਪ੍ਰਾਪਤੀ ਲਈ ਹਿੱਸਾ ਬਣਨਗੇ।  ਵਿਸ਼ਵ ਦੇ ਸਭ ਤੋਂ ਵੱਡੇ ਰੋਬੋਟਿਕਸ ਕਲਾਸ ਰੂਮ ਵਿਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਨਿਗਰਾਨੀ ਕਰੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਰੋਬੋ ਚੈਂਪਸ ਇੰਡੀਆ ਦੇ ਸੀ. ਈ. ਓ. ਅਸ਼ੀਸ਼ ਤੋਮਰ ਨੇ ਦੱਸਿਆ ਕਿ ਵਿਸ਼ਵ ਦੇ ਸਭ ਤੋਂ ਵੱਡੇ ਇਸ ਕਲਾਸ ਰੂਮ ਵਿਚ ਤੀਸਰੀ ਕਲਾਸ ਤੋਂ ਉੱਪਰ ਦਾ ਵਿਦਿਆਰਥੀ ਹਿੱਸਾ ਲੈ ਸਕਦਾ ਹੈ, ਜਿਸ ਨੂੰ ਰੋਬੋ ਚੈਂਪਸ ਵਲੋਂ ਇਕ ਰੋਬੋਟ ਕਿੱਟ ਦਿੱਤੀ ਜਾਵੇਗੀ, ਜਦਕਿ ਰਿਕਾਰਡ ਬਣਨ ਤੋਂ ਬਾਅਦ ਗਿਨੀਜ਼ ਬੁੱਕ ਵਲੋਂ ਇਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਯਕੀਨਨ ਇੰਨੀ ਛੋਟੀ ਉਮਰ ਵਿਚ ਇਹ ਸਰਟੀਫਿਕੇਟ ਹਾਸਲ ਕਰਨਾ ਮਾਣ ਦੀ ਗੱਲ ਹੋਵੇਗੀ। ਰੋਬੋ ਚੈਂਪਸ ਦੇ ਸੰਸਥਾਪਕ ਅਕਸ਼ੇ ਅਹੂਜਾ ਨੇ ਇਸ ਮੌਕੇ ਦੱਸਿਆ ਕਿ ਵਿਸ਼ਵ ਦਾ ਹੁਣ ਤਕ ਦਾ ਸਭ ਤੋਂ ਵੱਡਾ ਰੋਬੋਟਿਕਸ ਕਲਾਸ ਰੂਮ ਰਿਕਾਰਡ ਕੋਲੰਬੋ ਵਿਚ 1 ਅਕਤੂਬਰ 2015 ਨੂੰ ਬਣਾਇਆ ਗਿਆ ਸੀ, ਜਿਸ ਵਿਚ ਵਿਦਿਆਰਥੀਆਂ ਦੀ ਗਿਣਤੀ 880 ਸੀ ਪਰ ਹੁਣ ਮੋਹਾਲੀ ਵਿਖੇ ਤਿੰਨ ਹਜ਼ਾਰ ਵਿਦਿਆਰਥੀ ਆਪਣੀਆਂ ਰੋਬੋਟਿਕਸ ਕਿੱਟਾਂ ਰਾਹੀਂ ਰੋਬੋਟ ਬਣਾ ਕੇ ਇਕ ਨਵਾਂ ਰਿਕਾਰਡ ਬਣਾਉਣਗੇ।ਰੋਬੋ ਚੈਂਪਸ ਇੰਡੀਆ ਦੇ ਡਾਇਰੈਕਟਰ ਆਪ੍ਰੇਸ਼ਨਜ਼ ਸ਼ਿਖਾ ਢਿੱਲੋਂ ਨੇ ਦੱਸਿਆ ਕਿ ਇਹ ਇਕ ਪਾਸੇ ਜਿਥੇ ਵਿਦਿਆਰਥੀਆਂ ਲਈ ਰੋਬੋਟ ਬਣਾਉਣਾ ਸਿੱਖਣ ਦਾ ਸੁਨਹਿਰੀ ਮੌਕਾ ਹੈ, ਉਥੇ ਹੀ ਵਿਸ਼ਵ ਰਿਕਾਰਡ ਵਿਚ ਵੀ ਹਿੱਸਾ ਬਣਨ ਲਈ ਅਹਿਮ ਮੌਕਾ ਹੋ ਨਿੱਬੜੇਗਾ। ਜ਼ਿਕਰਯੋਗ ਹੈ ਕਿ ਗਿਨੀਜ਼ ਬੁੱਕ ਵਲੋਂ ਹੁਣ ਤਕ ਭਾਰਤ ਵਿਚ ਸਿਰਫ 77 ਸਰਟੀਫਿਕੇਟ ਦਿੱਤੇ ਗਏ ਹਨ, ਜਦਕਿ ਇਹ ਰਾਸ਼ਟਰੀ ਪੱਧਰ 'ਤੇ ਪਹਿਲਾ ਮੌਕਾ ਹੋਵੇਗਾ, ਜਦੋਂ ਇਕੱਠੇ 3000 ਸਰਟੀਫਿਕੇਟ ਦਿੱਤੇ ਜਾਣਗੇ।