ਯੂਕ੍ਰੇਨ ’ਚ ਫਸੇ ਟਾਂਡਾ ਦੇ ਵਿਦਿਆਰਥੀ ਨੇ ਬਿਆਨ ਕੀਤਾ ਭਿਆਨਕ ਮੰਜ਼ਰ, ਚਿੰਤਾ ’ਚ ਮਾਪੇ

02/27/2022 5:04:55 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਰੂਸ ਵੱਲੋਂ ਕੀਤੇ ਹਮਲਿਆਂ ਦਰਮਿਆਨ ਯੂਕ੍ਰੇਨ ਫਸੇ ਹਜ਼ਾਰਾਂ ਭਾਰਤੀਆਂ ’ਚ ਟਾਂਡਾ ਦਾ ਵੀ ਇਕ ਵਿਦਿਆਰਥੀ ਹੈ। ਪਿੰਡ ਢਡਿਆਲਾ ਨਾਲ ਸਬੰਧਿਤ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਰਮਨ ਸਿੰਘ ਪੁੱਤਰ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਸਮੇਤ ਜੰਗ ਦੇ ਕੇਂਦਰ ਖਾਰਕੀਵ ਦੇ ਜ਼ਮੀਨਦੋਜ਼ ਮੈਟਰੋ ਸਟੇਸ਼ਨ ’ਚ ਸ਼ਰਨ ਲਈ ਹੈ। ਮੋਬਾਈਲ ਰਾਹੀਂ ਪਰਿਵਾਰ ਨਾਲ ਸੰਪਰਕ ’ਚ ਰਹਿੰਦਿਆਂ ਹਰਮਨ ਨੇ ਉਥੋਂ ਦਾ ਮੰਜ਼ਰ ਬਿਆਨ ਕਰਦਿਆਂ ਦੱਸਿਆ ਕਿ ਉਥੇ ਦਿਨ-ਬ-ਦਿਨ ਹਾਲਾਤ ਵਿਗੜਦੇ ਜਾ ਰਹੇ ਹਨ। ਹਰਮਨ ਦੀ ਮਾਤਾ ਵਰਿੰਦਰ ਕੌਰ, ਚਾਚਾ ਦਲਵੀਰ ਸਿੰਘ, ਭੈਣ ਪੱਲਵੀ, ਸਰਪੰਚ ਕੁੜਾ ਰਾਮ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਹਰਮਨ ਸਮੇਤ ਸਾਰੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਦੀ ਮੰਗ ਕਰਦਿਆਂ ਕਿਹਾ ਕਿ ਹਰਮਨ ਪਿਛਲੇ ਸਮੇਂ ਤੋਂ ਯੂਕ੍ਰੇਨ ਦੇ ਪਰਮੋਹਾ ਮੈਟਰੋ, ਓਲੇਕਸੇਵਸਕਾ ਖਾਰਕੀਵ ਵਿਖੇ ਰਹਿ ਰਿਹਾ ਹੈ ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ 1895 ਵਿਅਕਤੀਆਂ ਦਾ ਸਾਰਾ ਡਾਟਾ ਵਿਦੇਸ਼ ਮੰਤਰਾਲੇ ਨੂੰ ਭੇਜਿਆ : ਭਗਵੰਤ ਮਾਨ

ਉਹ ਤਿੰਨ ਸਾਲਾਂ ਤੋਂ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਇਸ ਸੰਕਟ ਦੌਰਾਨ ਉਸ ਨੇ 28 ਫਰਵਰੀ ਨੂੰ ਭਾਰਤ ਆਉਣ ਲਈ ਟਿਕਟ ਬੁੱਕ ਕੀਤੀ ਸੀ ਪਰ ਜੰਗ ਸ਼ੁਰੂ ਹੋਣ ਕਾਰਨ ਉਹ ਉੱਥੇ ਹੀ ਫਸ ਗਿਆ। ਉਸ ਨੇ ਦੱਸਿਆ ਕਿ ਹਰਮਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਆਪਣੇ ਪੰਜਾਬੀ ਅਤੇ ਹੋਰ ਸੂਬਿਆਂ ਦੇ ਵਿਦਿਆਰਥੀਆ ਨਾਲ ਜ਼ਮੀਨਦੋਜ਼ ਮੈਟਰੋ ਸਟੇਸ਼ਨ ’ਚ ਸ਼ਰਨ ਲਈ ਸੀ ਅਤੇ ਸਿਰਫ਼ ਖਾਣਾ ਖਾਣ ਲਈ ਬਾਹਰ ਜਾਂਦੇ ਸਨ ਪਰ ਹੁਣ  ਲਗਾਤਾਰ ਬੰਬਾਰੀ ਤੇ ਗੋਲਾਬਾਰੀ ਕਾਰਨ ਉਹ ਬਾਹਰ ਨਿਕਲਣ ਦੇ ਯੋਗ ਨਹੀਂ ਹਨ ਅਤੇ ਭੋਜਨ ਦੀ ਕਮੀ ਦੇ ਨਾਲ-ਨਾਲ ਹੋਰ ਸਥਿਤੀ ਵਿਗੜਦੀ ਜਾ ਰਹੀ ਹੈ। ਹਰਮਨ ਦੇ ਪਿਤਾ ਜਨਰਲ ਰਿਜ਼ਰਵ ਇੰਜੀਨੀਅਰ ਫੋਰਸ ’ਚ ਇੰਜੀਨੀਅਰ ਹਨ ਅਤੇ ਮਣੀਪੁਰ ’ਚ ਤਾਇਨਾਤ ਹਨ। ਹਰਮਨ ਬਾਰੇ ਚਿੰਤਤ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਜਲਦ ਤੋਂ ਜਲਦ ਘਰ ਵਾਪਸੀ ਦਾ ਪ੍ਰਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਸੁਲਤਾਨਪੁਰ ਲੋਧੀ ਦੇ ਦੋ ਵਿਦਿਆਰਥੀ ਇੰਝ ਬਚਾ ਰਹੇ ਨੇ ਜਾਨ, ਮਾਪੇ ਚਿੰਤਤ

Manoj

This news is Content Editor Manoj