ਡੇਂਗੂ ਨਾਲ ਬਲ੍ਹੇਰਖਾਨਪੁਰ ਵਿਖੇ 7ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ

09/24/2017 2:52:34 PM

ਕਾਲਾ ਸੰਘਿਆਂ(ਨਿੱਝਰ)— ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਬੀਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਮੀਡੀਆ 'ਚ ਪੁਖਤਾ ਪ੍ਰਬੰਧਾਂ ਦੀ ਉਸ ਵਕਤ ਪੋਲ ਖੁੱਲ੍ਹ ਗਈ, ਜਦ ਨੇੜਲੇ ਪਿੰਡ ਬਲ੍ਹੇਰਖਾਨਪੁਰ ਵਿਖੇ 7ਵੀਂ ਜਮਾਤ ਦੀ ਇਕ ਹੋਣਹਾਰ ਵਿਦਿਆਰਥਣ ਦੀ ਡੇਂਗੂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ, ਜਿਸ ਕਾਰਨ ਪਿੰਡ ਅਤੇ ਆਸ-ਪਾਸ ਦੇ ਪਿੰਡਾਂ 'ਚ ਡੂੰਘੇ ਗਮ ਦੀ ਲਹਿਰ ਪਸਰ ਗਈ। ਵਰਣਨਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਸ਼ਹਿਰ 'ਚ ਤਾਂ ਫੋਗਿੰਗ ਅਤੇ ਦਵਾਈ ਦਾ ਛਿੜਕਾਅ ਕਰਵਾਏ ਜਾਣ ਦੇ ਬਾਵਜੂਦ ਲੋਕ ਬੀਮਾਰੀਆਂ ਦੀ ਗ੍ਰਿਫਤ ਵਿਚ ਆ ਰਹੇ ਸਨ, ਜਦਕਿ ਪੇਂਡੂ ਇਲਾਕਿਆਂ ਦਾ ਤਾਂ ਰੱਬ ਹੀ ਰਾਖਾ ਹੈ। ਸ਼ਹਿਰਾਂ ਦੇ ਮੁਕਾਬਲੇ ਪੇਂਡੂ ਏਰੀਏ 'ਚ ਕੋਈ ਵੀ ਵਿਭਾਗ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ।
ਜਾਣਕਾਰੀ ਅਨੁਸਾਰ ਪਿੰਡ ਬਲ੍ਹੇਰਖਾਨਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ 7ਵੀਂ ਜਮਾਤ ਦੀ ਵਿਦਿਆਰਥਣ ਸਨਮੀਤ ਕੌਰ ਪੁੱਤਰੀ ਹਰਵਿੰਦਰ ਸਿੰਘ, ਜੋ ਕਿ ਡੇਂਗੂ ਨਾਲ ਬੀਮਾਰ ਹੋਣ ਕਾਰਨ ਕੁਝ ਦਿਨਾਂ ਤੋਂ ਐੱਸ. ਜੀ. ਐੱਲ. ਹਸਪਤਾਲ ਜਲੰਧਰ ਵਿਚ ਦਾਖਲ ਸੀ, ਉਸ ਨੂੰ ਪਲੇਟਲੈਟਸ ਸੈੱਲ ਵੀ ਦਿੱਤੇ ਗਏ ਅਤੇ ਬੀਤੇ ਦਿਨ ਤਬੀਅਤ ਵਧੇਰੇ ਖਰਾਬ ਹੋ ਜਾਣ ਕਾਰਨ ਹਸਪਤਾਲ ਵੱਲੋਂ ਲੁਧਿਆਣੇ ਇਲਾਜ ਲਈ ਰੈਫਰ ਕਰ ਦਿੱਤਾ, ਜਿਸ ਦੀ ਰਸਤੇ 'ਚ ਜਾਂਦਿਆਂ ਹੀ ਮੌਤ ਹੋ ਗਈ। ਮ੍ਰਿਤਕਾ ਆਪਣੇ ਇਕਲੌਤੇ ਵੀਰ ਦੀ ਇਕਲੌਤੀ ਭੈਣ ਸੀ। ਕਪੂਰਥਲਾ ਸ਼ਹਿਰ ਤੋਂ ਬਾਅਦ ਡੇਂਗੂ ਦੀ ਦਸਤਕ ਪਿੰਡਾਂ ਤੱਕ ਪੁੱਜਣ ਕਾਰਨ ਲੋਕਾਂ ਨੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।