ਬੈਂਕਾਂ ''ਚ ਦੂਜੇ ਦਿਨ ਵੀ ਹੜਤਾਲ ਰਹਿਣ ਕਾਰਨ ਕਰੋੜਾਂ ਦਾ ਕਾਰੋਬਾਰ ਠੱਪ

02/01/2020 4:18:05 PM

ਸਮਰਾਲਾ (ਗਰਗ, ਬੰਗੜ) : ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਤਨਖਾਹਾਂ ਵਿਚ 20 ਫ਼ੀਸਦੀ ਦਾ ਵਾਧਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਚਲੇ ਜਾਣ ਕਾਰਨ ਅੱਜ ਦੂਜੇ ਦਿਨ ਵੀ ਸ਼ਹਿਰ ਵਿਚ ਬੈਂਕਾਂ ਨੂੰ ਤਾਲੇ ਲਟਕਦੇ ਰਹੇ। ਬੈਂਕਾਂ ਦੀ ਇਸ ਦੋ ਦਿਨਾਂ ਹੜਤਾਲ ਕਾਰਨ ਕਰੋੜਾਂ ਰੁਪਿਆ ਦਾ ਬੈਕਿੰਗ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਿਆ ਅਤੇ ਆਮ ਲੋਕਾਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ। 2017 ਤੋਂ ਹੀ ਤਨਖਾਹ ਵਾਧੇ ਦੀ ਮੰਗ ਕਰ ਰਹੇ ਬੈਂਕ ਕਰਮਚਾਰੀਆਂ ਨੇ ਅਗਲੇ ਮਹੀਨੇ 11 ਮਾਰਚ ਤੋਂ ਫਿਰ ਤਿੰਨ ਦਿਨ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਸ ਦੇ ਸੱਦੇ 'ਤੇ 9 ਬੈਂਕ ਕਰਮਚਾਰੀ ਯੂਨੀਅਨਾਂ ਨੇ ਇਸ ਹੜਤਾਲ ਵਿਚ ਸ਼ਮੂਲੀਅਤ ਕਰਦੇ ਹੋਏ ਮੈਨੇਜਮੈਂਟ ਦੀ ਉਨ੍ਹਾਂ ਦੀਆਂ ਤਨਖਾਹਾਂ ਵਿਚ 12.25 ਫ਼ੀਸਦੀ ਵਾਧੇ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ, ਜਿਸ ਤੋਂ ਬਾਅਦ 2 ਦਿਨਾਂ ਦੀ ਹੜਤਾਲ ਦਾ ਫੈਸਲਾ ਲਿਆ ਗਿਆ ਸੀ।

ਉਧਰ ਸਮਰਾਲਾ ਸ਼ਹਿਰ ਤੇ ਨੇੜਲੇ ਇਲਾਕੇ ਦੀਆਂ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ 9 ਟ੍ਰੇਡ ਯੂਨੀਅਨਾਂ ਦੇ ਸੱਦੇ 'ਤੇ ਸ਼ੁਰੂ ਕੀਤੀ ਗਈ ਬੈਂਕਾਂ ਦੀ ਹੜਤਾਲ ਦੌਰਾਨ ਅੱਜ ਦੂਜੇ ਦਿਨ ਵੀ ਸਾਰੀਆਂ ਸਰਕਾਰੀ ਬੈਂਕਾਂ ਬੰਦ ਰਹੀਆਂ। ਬੈਂਕਾਂ ਦੇ ਬੰਦ ਹੋਣ ਨਾਲ ਬੈਂਕਾਂ 'ਚ ਲੈਣ-ਦੇਣ ਕਰਨ ਲਈ ਪੁੱਜੇ ਗਾਹਕ ਕਾਫ਼ੀ ਪਰੇਸ਼ਾਨ ਰਹੇ ਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਏ.ਟੀ.ਐਮ ਦਾ ਸਹਾਰਾ ਲੈਣਾ ਪਿਆ।

Gurminder Singh

This news is Content Editor Gurminder Singh