ਸੜਕਾਂ ’ਤੇ ਫਿਰਦੇ ਆਵਾਰਾ ਪਸ਼ੂਆਂ ਨੇ ਲੋਕਾਂ ਦੇ ਕੀਤਾ ਨੱਕ ’ਚ ਦਮ

08/02/2020 4:13:42 PM

ਬਾਘਾਪੁਰਾਣਾ(ਅਜੇ) : ਪੰਜਾਬ ਸਰਕਾਰ ਵਲੋਂ ਵੱਖ–ਵੱਖ ਤਰੀਕਿਆਂ ਨਾਲ ਲੋਕਾਂ ਕੋਲੋਂ ਗਊ ਸੈੱਸ ਵਸੂਲਿਆ ਜਾ ਰਿਹਾ ਹੈ ਪਰ ਟੈਕਸ ਵਸੂਲਣ ਦੇ ਬਾਵਜੂਦ ਲੋਕਾਂ ਨੂੰ ਸੜਕਾਂ, ਗਲੀਆਂ, ਮੁਹੱਲਿਆ, ਮੁੱਖ ਸੜਕਾਂ ’ਤੇ ਫਿਰਦੇ ਪਸ਼ੂਆਂ ਤੋਂ ਅਜੇ ਤੱਕ ਕੋਈ ਵੀ ਰਾਹਤ ਨਹੀਂ ਮਿਲ ਸਕੀ। ਪਸ਼ੂਆਂ ਦੀ ਭਰਮਾਰ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਹੈ ਕਿ ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਮੁੱਖ ਸੜਕਾਂ ’ਤੇ ਅਕਸਰ ਹੀ ਭਿੜਦੇ ਰਹਿੰਦੇ ਹਨ, ਜਿਸ ਕਰਕੇ ਸੜਕਾਂ ’ਤੇ ਗੱਡੀਆਂ ਦੀ ਆਵਾਜਾਈ ਰੁਕ ਜਾਂਦੀ ਹੈ ਤੇ ਲੋਕ ਡਰਦੇ ਮਾਰੇ ਬਾਜ਼ਾਰਾਂ 'ਚ ਦੁਕਾਨਾਂ 'ਚ ਵੜ ਕੇ ਆਪਣੀ ਜਾਨ ਬਚਾਉਂਦੇ ਹਨ, ਜਦੋਂ ਰਾਤ ਹੋ ਜਾਂਦੀ ਹੈ ਤਾਂ ਝੁੰਡ ਬਣਾ ਕੇ ਸੜਕਾਂ ਦੇ ਵਿਚਾਲੇ ਬੈਠ ਜਾਂਦੇ ਹਨ, ਜਿਸ ਕਰ ਕੇ ਗੱਡੀਆਂ ਵਾਲਿਆਂ ਨੂੰ ਕਾਲੇ ਹੋਣ ਕਰਕੇ ਦਿਖਾਈ ਨਹੀਂ ਦਿੰਦੇ, ਜਿਸ ਨਾਲ ਆਪਸ 'ਚ ਟਕਰਾ ਜਾਂਦੇ ਹਨ।
ਟਕਰਾਉਣ ਨਾਲ ਪਸ਼ੂਆਂ ਅਤੇ ਗੱਡੀਆਂ ਦਾ ਭਾਰੀ ਨੁਕਸਾਨ ਹੁੰਦਾ ਹੈ। ਛੋਟੇ ਬੱਚਿਆਂ ਨੂੰ ਹਰ ਸਮੇਂ ਆਪਣੀ ਜਾਨ ਜੋਖ਼ਮ ’ਚ ਪਾ ਕੇ ਲੰਘਣਾ ਪੈਂਦਾ ਹੈ। ਇਸੇ ਕਾਰਣ ਲੋਕ ਬੱਚਿਆਂ ਨੂੰ ਘਰਾਂ ’ਚੋਂ ਭੇਜਣ ਲਈ ਡਰਦੇ ਹਨ। ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਨਾ ਹੋਣ ਕਰ ਕੇ ਉਹ ਖੇਤਾਂ 'ਚ ਵੜ੍ਹ ਕੇ ਫ਼ਸਲ ਨੂੰ ਖਰਾਬ ਕਰਦੇ ਹਨ, ਜਿਸ ਕਰ ਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਕੋਈ ਠੋਸ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।

Babita

This news is Content Editor Babita