ਨਹੀਂ ਰੁਕ ਰਿਹਾ ਪਰਾਲੀ ਸਾੜਨ ਦਾ ਸਿਲਸਿਲਾ, ਜਲੰਧਰ ''ਚ 1600 ਤੋਂ ਪਾਰ ਪਹੁੰਚੇ ਕੇਸ

11/28/2019 6:29:28 PM

ਜਲੰਧਰ (ਬੁਲੰਦ)— ਜ਼ਿਲੇ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੇ ਕੇਸਾਂ ਦੀ ਗਿਣਤੀ 1600 ਨੂੰ ਪਾਰ ਹੋ ਗਈ ਹੈ ਅਤੇ ਕੁੱਲ ਗਿਣਤੀ 1601 ਹੋ ਗਈ ਹੈ। ਜ਼ਿਲਾ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਕੁੱਲ ਕੇਸਾਂ 'ਚੋਂ 382 ਕੇਸਾਂ ਵਿਚ ਕਿਸਾਨਾਂ ਨੂੰ ਜੁਰਮਾਨਾ ਕਰਕੇ ਪ੍ਰਸ਼ਾਸਨ ਨੇ 9.65 ਲੱਖ ਰੁਪਏ ਇਕੱਠੇ ਕੀਤੇ, ਜਦੋਂਕਿ 279 ਕੇਸਾਂ 'ਚ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਰੈੱਡ ਐਂਟਰੀ 'ਚ ਪਾ ਦਿੱਤਾ ਗਿਆ ਹੈ। ਕਿਸਾਨਾਂ 'ਤੇ ਕਾਰਵਾਈ ਦੇ ਤਹਿਤ ਅਜੇ ਤੱਕ 53 ਕਿਸਾਨਾਂ 'ਤੇ ਆਈ. ਪੀ. ਸੀ. ਦੀ ਧਾਰਾ 188 ਤਹਿਤ ਕੇਸ ਦਰਜ ਕੀਤੇ ਗਏ ਹਨ ਅਤੇ 9 ਕਿਸਾਨਾਂ 'ਤੇ ਸੈਕਸ਼ਨ 38 ਏਅਰ ਐਕਟ 1981 ਤਹਿਤ ਕੇਸ ਦਰਜ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 1601 ਪਰਾਲੀ ਸਾੜਨ ਦੇ ਕੇਸਾਂ ਦੀ ਗੱਲ ਕਰੀਏ ਤਾਂ ਜ਼ਿਲੇ ਨੂੰ 5 ਸਬ-ਡਿਵੀਜ਼ਨਾਂ ਵਿਚ ਵੰਡਿਆ ਗਿਆ ਹੈ। ਇਸ ਦੇ ਤਹਿਤ ਜਲੰਧਰ-1 ਵਿਚ 75 ਕੇਸ, ਜਲੰਧਰ-2 ਵਿਚ 181 ਕੇਸ, ਨਕੋਦਰ ਵਿਚ 455 ਕੇਸ, ਸ਼ਾਹਕੋਟ 'ਚ 413 ਕੇਸ ਤੇ ਫਿਲੌਰ 'ਚ 477 ਕੇਸ ਦਰਜ ਕੀਤੇ ਗਏ ਹਨ।

ਮੀਂਹ ਨੇ ਸੁਧਾਰਿਆ ਏਅਰ ਕੁਆਲਿਟੀ ਇੰਡੈਕਸ, ਪਹੁੰਚਿਆ 82 'ਤੇ
ਸ਼ਹਿਰ 'ਚ ਪਏ ਮੀਂਹ ਕਾਰਨ ਪ੍ਰਦੂਸ਼ਣ ਤੋਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਜੋ ਕਿ 250 ਤੋਂ ਪਾਰ ਸੀ ਉਹ ਅੱਜ 82 'ਤੇ ਨਜ਼ਰ ਆਇਆ, ਜਿਸ ਕਾਰਨ ਸ਼ਹਿਰ ਦੀ ਆਬੋ-ਹਵਾ 'ਚ ਸੁਧਾਰ ਨਜ਼ਰ ਆਇਆ।

Hardeep kumar

This news is Content Editor Hardeep kumar